ਗੁਆਰਾ ਤੇ ਬਨਭੌਰਾ ਭੁੱਲਰਾਂ ’ਚ ਕਿਸਾਨ ਸਿਖਲਾਈ ਕੈਂਪ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 2 ਜੂਨ
ਕਿਸਾਨਾਂ ਨੂੰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ, ਮਿੱਟੀ ਦੇ ਪੌਸ਼ਟਿਕ ਤੱਤਾਂ, ਖਾਦਾਂ ਦੀ ਸਹੀ ਮਾਤਰਾ ਸਣੇ ਖੇਤੀਬਾੜੀ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਉਣ ਲਈ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ 29 ਮਈ ਤੋਂ 12 ਜੂਨ ਤੱਕ ਦੇਸ਼ ਭਰ ਅੰਦਰ ਚਲਾਏ ਜਾ ਰਹੇ ‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ’ ਤਹਿਤ ਅੱਜ ਬਲਾਕ ਮਾਲੇਰਕੋਟਲਾ ਦੇ ਪਿੰਡ ਗੁਆਰਾ, ਬਨਭੌਰਾ ਭੁੱਲਰਾਂ ਵਿੱਚ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਕੈਂਪਾਂ ਵਿੱਚ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ (ਆਈਸੀਏਆਰ) ਵੱਲੋਂ ਡਾ. ਸੰਦੀਪ ਮਾਨ, ਡਾ. ਵਿਕਾਸ ਕੁਮਾਰ, ਡਾ. ਚੰਦਰ ਸੋਲੰਕੀ ਅਤੇ ਡਾ. ਮਮਤਾ ਆਦਿ ਨੇ ਕਿਸਾਨਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਸਣੇ ਕੇਸੀਸੀ ਅਤੇ ਐਫਪੀਓ ਬਾਰੇ ਜਾਣਕਾਰੀ ਦਿੱਤੀ।
ਖੇਤੀਬਾੜੀ ਵਿਭਾਗ ਮਾਲੇਰਕੋਟਲਾ ਦੇ ਏਟੀਐੱਮ ਦਲਜੀਤ ਸਿੰਘ ਵੱਲੋਂ ਕੀਤੇ ਪ੍ਰਬੰਧਾਂ ਹੇਠ ਕੈਂਪਾਂ ’ਚ ਸ਼ਾਮਲ ਕਿਸਾਨਾਂ ਨਾਲ ਝੋਨੇ ਦੀ ਸਿੱਧੀ ਬਿਜਾਈ, ਸਾਉਣੀ ਦੀ ਮੱਕੀ, ਜੈਵਿਕ ਖੇਤੀ ਅਤੇ ਜੈਵਿਕ ਉਤਪਾਦਾਂ ਦੀ ਸਰਟੀਫਿਕੇਸ਼ਨ ਆਦਿ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਖੇਤੀ ਸਮੱਸਿਆਵਾਂ ਹੱਲ ਕੀਤੀਆਂ ਗਈਆਂ। ਖੇਤੀ ਮਾਹਿਰਾਂ ਨੇ ਦੱਸਿਆ ਕਿ ਇਸ ਰਾਸ਼ਟਰ ਵਿਆਪੀ ਮੁਹਿੰਮ ਤਹਿਤ ਦੇਸ਼ ਦੇ 700 ਤੋਂ ਵੱਧ ਜ਼ਿਲ੍ਹਿਆਂ ਦੇ ਲਗਪਗ 65 ਹਜ਼ਾਰ ਪਿੰਡਾਂ ਵਿੱਚ ਵਿਗਿਆਨੀਆਂ ਦੀਆਂ 2170 ਟੀਮਾਂ ਪਹੁੰਚਣ ਰਹੀਆਂ ਹਨ।