ਵੱਖ ਵੱਖ ਜਥੇਬੰਦੀਆਂ ਦੇ ਕਿਸਾਨ ਆਗੂ ਸਰਕਾਰ ਖ਼ਿਲਾਫ਼ ਗਰਜੇ
ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ ਅੱਜ ਹਜ਼ਾਰਾਂ ਕਿਸਾਨਾਂ ਵਲੋਂ ਜਬਰ ਵਿਰੋਧੀ ਧਰਨੇ ’ਚ ਜਾਬਰ ਸਰਕਾਰਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਅਤੇ ਲੋਕਾਂ ਨੂੰ ਅਗਲੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਸਾਂਝੀ ਸਟੇਜ ਤੋਂ ਵੱਖ-ਵੱਖ ਕਿਸਾਨ ਆਗੂਆਂ ਵਲੋਂ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਕਿਸਾਨ ਸਰਕਾਰ ਦਾ ਹਰ ਜਬਰ ਝੱਲਣ ਨੂੰ ਤਿਆਰ ਹਨ ਪਰੰਤੂ ਸਰਕਾਰ ਦਾ ਜਬਰ ਕਿਸਾਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕੇਗਾ।
ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਿਚਕਾਰ ਭਾਵੇਂ ਲੱਖ ਵਖਰੇਵੇਂ ਹਨ ਪਰ ਖੂਨ ਇੱਕ ਹੈ, ਕਿੱਤਾ ਅਤੇ ਸਮਾਜ ਇੱਕ ਹੈ। ਉਨ੍ਹਾਂ ਕਿਹਾ ਕਿ ਨਿਖੇੜ ਅਤੇ ਪਾੜ ਕੇ ਕੁੱਟਣ ਦੀ ਜਿਹੜੀ ਪਾਲਿਸੀ ਸਰਕਾਰ ਲਾਗੂ ਕਰਦੀ ਹੈ, ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਗਰਾਹਾਂ ਨੇ ਕਿਸਾਨਾਂ ਨੂੰ ਅਗਲੇ ਸੰਘਰਸ਼ ਦੀ ਉਡੀਕ ਕਰਨ ਅਤੇ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਅਮਰੀਕਾ ਤੋਂ ਭਾਰਤ ਆਏ ਵਫ਼ਦ ਦਾ ਵਿਰੋਧ ਕਰਦਿਆਂ ਕਿਹਾ ਕਿ ਅਮਰੀਕਾ ਟੈਕਸ ਘਟਾ ਕੇ ਭਾਰਤ ਦੀ ਮੰਡੀ ਵਿਚ ਦੁੱਧ, ਜਿਨਸਾਂ, ਅਨਾਜ਼ ਅਤੇ ਹੋਰ ਉਤਪਾਦ ਵੇਚਣਾ ਚਾਹੁੰਦਾ ਹੈ। ਜੇਕਰ ਅਜਿਹਾ ਹੋਇਆ ਤਾਂ ਭਾਰਤ ਦੀ ਖੇਤੀ ਉਪਰ ਵੱਡਾ ਹਮਲਾ ਹੋੋਵੇਗਾ।
ਜਬਰ ਵਿਰੋਧੀ ਧਰਨੇ ਨੂੰ ਬੀਕੇਯੂ ਡਕੌਦਾ ਬੁਰਜ ਗਿੱਲ ਦੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ,ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਡਕੌਂਦਾ ਧਨੇਰ ਦੇ ਜ਼ਿਲਾ ਪ੍ਰਧਾਨ ਕਰਮਜੀਤ ਸਿੰਘ ਛੰਨਾ,ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਮੇਜਰ ਸਿੰਘ ਪੁੰਨਾਵਾਲ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਸੂਬਾ ਆਗੂ ਕਿਰਨਜੀਤ ਸਿੰਘ ਸੇਖੋਂ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਊਧਮ ਸਿੰਘ ਸੰਤੋਖਪੁਰਾ,ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਸਵਰਨ ਸਿੰਘ ਨਵਾਂਗਾਓ, ਬੀਕੇਯੂ ਲੱਖੋਵਾਲ ਦੇ ਆਗੂ ਜਸਵਿੰਦਰ ਕੌਰ ਪੁੰਨਾਂਵਾਲ, ਆਈਡੀਪੀ ਦੇ ਕਰਨੈਲ ਸਿੰਘ ਜਖੇਪਲ, ਆਂਗਣਵਾੜੀ ਵਰਕਰ ਯੂਨੀਅਨ ਦੀ ਕੁੱਲ ਹਿੰਦ ਪ੍ਰਧਾਨ ਊਸ਼ਾ ਰਾਣੀ ਨੇ ਅਨਾਜ, ਦੁੱਧ, ਖੇਤੀ ਉਤਪਾਦਾਂ ਦੀਆਂ ਬਰਾਮਦਾਂ ਤੇ ਟੈਕਸ ਘਟਾਉਣ ਸੰਬੰਧੀ ਅਮਰੀਕਾ ਤੇ ਭਾਰਤ ਵਿਚਾਲੇ ਹੋ ਰਹੇ ਸਮਝੌਤੇ ਨੂੰ ਰੱਦ ਕਰਨ, ਗ੍ਰਿਫਤਾਰ ਕਿਸਾਨਾਂ ਨੂੰ ਰਿਹਾਅ ਕਰਨ, ਚੋਰੀ ਹੋਈਆਂ ਟਰੈਕਟਰ ਟਰਾਲੀਆਂ ਸਮੇਤ ਸਾਰਾ ਸਮਾਨ ਵਾਪਸ ਕਰਨ, ਚੋਰੀ ਹੋਏ ਜਾਂ ਨੁਕਸਾਨੇ ਸਮਾਨ ਦੀ ਭਰਪਾਈ ਸਰਕਾਰ ਦੁਆਰਾ ਕਰਨ ਦੀ ਮੰਗ ਕੀਤੀ। ਰੋਸ ਧਰਨੇ ਦੀ ਸਟੇਜ ’ਤੇ ਪੁੱਜ ਕੇ ਏਡੀਸੀ ਅਮਿਤ ਬੈਂਬੀ, ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਨੇ ਮੰਗ ਪੱਤਰ ਲਿਆ।
ਸੰਯੁਕਤ ਕਿਸਾਨ ਮੋਰਚੇ ਨਾਲ ਇੱਕਮੁੱਠਤਾ ਜਾਹਿਰ ਕਰਦਿਆਂ ਬੀਕੇਯੂ ਏਕਤਾ ਆਜ਼ਾਦ ਦੇ ਆਗੂ ਸੰਤ ਰਾਮ ਛਾਜਲੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਬਿਕਰ ਸਿੰਘ ਹਥੋਆ, ਆਈਡੀਪੀ ਦੇ ਆਗੂ ਕਰਨੈਲ ਸਿੰਘ ਜਖੇਪਲ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਭੁੱਟਾਲ, ਸੀਟੂ ਆਗੂ ਦੇਵਰਾਜ ਵਰਮਾ, ਵੇਰਕਾ ਆਊਟਸੋਰਸ ਵਰਕਰ ਯੂਨੀਅਨ ਦੇ ਆਗੂ ਸੰਦੀਪ ਸੰਧੂ , ਜਰਨੈਲ ਸਿੰਘ ਜਹਾਂਗੀਰ, ਅਮਰੀਕ ਸਿੰਘ ਗੰਡੂਆਂ ਜਸਵੀਰ ਕੌਰ ਉਗਰਾਹਾਂ, ਰਣਧੀਰ ਸਿੰਘ ਭੱਟੀਵਾਲ, ਸਤਨਾਮ ਸਿੰਘ ਕਿਲਾ, ਕਸ਼ਮੀਰ ਸਿੰਘ ਘਰਾਚੋਂ, ਮੰਗਤ ਰਾਮ ਲੌਂਗੋਵਾਲ ਅਤੇ ਇੰਦਰਪਾਲ ਸਿੰਘ ਪੁੰਨਾਂਵਾਲਵਾਲ ਨੇ ਵੀ ਸੰਬੋਧਨ ਕੀਤਾ।
ਸਰਕਾਰ ਦੇ ਪੁਲੀਸ ਰਾਜ ਦਾ ਮੂੰਹ ਤੋੜ ਜਵਾਬ ਦੇਣ ਦਾ ਲਿਆ ਅਹਿਦ
ਪਟਿਆਲਾ (ਸਰਬਜੀਤ ਸਿੰਘ ਭੰਗੂ): ਸੰਯੁਕਤ ਕਿਸਾਨ ਮੋਰਚਾ ਪਟਿਆਲਾ ਤੇ ਜ਼ਿਲ੍ਹੇ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਅੱਜ ਇੱਥੇ ਡੀਸੀ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਪੁਲੀਸ ਦਮਨ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਆਪਣੇ ਹੱਕਾਂ ਲਈ ਸ਼ੰਘਰਸ਼ ਕਰਨਾ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ। ਜਿਸ ਕਰਕੇ ਅਜਿਹੇ ਹੱਕਾਂ ਤੋਂ ਰੋਕਣ ਵਾਲ਼ੀ ਕਾਰਵਾਈ ਜਮਹੂਰੀ ਅਧਿਕਾਰਾਂ ਦੀ ਸੰਘੀ ਨੱਪਣ ਦੇ ਤੁੱਲ ਹੈ। ਇਸ ਮੌਕੇ ਹੀ ਕਿਸਾਨਾ ਵੱਲੋਂ ਸਰਕਾਰ ਵੱਲੋਂ ਚੰਡੀਗੜ ਧਰਨਾ ਰੋਕਣ, ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਮੋਰਚਿਆਂ ’ਤੇ ਬੁਲਡੋਜ਼ਰ ਚਲਾਉਣ, ਟਰੈਕਟਰ, ਟਰਾਲੀਆਂ ਅਤੇ ਕੀਮਤੀ ਸਮਾਨ ਦੀ ਭੰਨਤੋੜ ਕਰਨ ਸਮੇਤ ਮਿਥ ਕੇ ਕੀਤੀ ਗਈ ਚੋਰੀ ਦਾ ਹਿਸਾਬ ਬਰਾਬਰ ਕਰਨ ਦੀ ਚਿਤਵਾਨੀ ਵੀ ਦਿੱਤੀ ਗਈ। ਧਰਨੇ ਨੂੰ ਜੋਗਿੰਦਰ ਸਿੰਘ ਉਗਰਾਹਾਂ, ਰਾਮਿੰਦਰ ਸਿੰਘ ਪਟਿਆਲਾ, ਪਰੇਮ ਸਿੰਘ ਭੰਗੂ, ਕੁਲਵੰਤ ਸਿੰਘ ਮੌਲਵੀਵਾਲਾ, ਡਾ. ਦਰਸ਼ਨਪਾਲ, ਹਰਿੰਦਰ ਲਾਖਾ, ਗੁਲਜ਼ਾਰ ਸਿੰਘ, ਦਲਜਿੰਦਰ ਆਲੋਵਾਲ, ਅਮਨ ਦਿਓਲ, ਬਲਰਾਜ ਜੋਸ਼ੀ, ਦਰਸ਼ਨ ਬੇਲੂਮਾਜਰਾ, ਦਲਜੀਤ ਚੱਕ, ਬੂਟਾ ਸ਼ਾਦੀਪੁਰ, ਜਗਮੇਲ ਸਿੰਘ ਸੁੱਧੇਪੁਰ, ਹਰਭਜਨ ਬੁੱਟਰ, ਰਣਜੀਤ ਸਿੰਘ, ਗੁਰਮੀਤ ਛੱਜੂਭੱਟ, ਅਮ੍ਰਿਤ ਕੌਰ, ਜਸਬੀਰ ਖੇੜੀ ਤੇ ਜਸਵਿੰਦਰ ਬਰਾਸ ਸਮੇਤ ਕਈ ਹੋਰ ਕਿਸਾਨ ਆਗੂਆਂ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਵਿਚੋਂ ਬਹੁਤਿਆਂ ਨੇ ਸੰਬੋਧਨ ਵੀ ਕੀਤਾ। ਇਸ ਮੌਕੇ ਹੀ ਕਰਨਲ ਪੁਸ਼ਪਿੰਦਰ ਸਿੰਘ ਨਾਲ ਪੁਲੀਸ ਵੱਲੋਂ ਕੁੱਟਮਾਰ ਅਤੇ ਕਿਸਾਨਾਂ ਦੁਰਵਿਵਹਾਰ ਦੀ ਕਰੜੀ ਨਿੰਦਾ ਕਰਦਿਆਂ ਬੁਲਾਰਿਆਂ ਨੇ ਸਰਕਾਰ ਨੂੰ ਹੋਸ਼ ਟਿਕਾਣੇ ਰੱਖਣ ਲਈ ਲਲਕਾਰਿਆ। ਕਿਸਾਨ ਆਗੂਆਂ ਨੇ ਸਰਕਾਰ ਨੂੰ ਪੁਲੀਸ ਰਾਜ ਤੇ ਬੁਲਡੋਜ਼ਰ ਕਾਰਵਾਈਆਂ ਨੂੰ ਤੁਰੰਤ ਰੋਕਣ ਅਤੇ ਜਮਹੂਰੀ ਹੱਕਾਂ ਦੀ ਬਹਾਲੀ ਲਈ ਕੀਤੀ ਗਈ ਮੰਗ, ਭੰਨੇ ਟਰੈਕਟਰ, ਟਰਾਲੀਆਂ ਅਤੇ ਕੀਮਤੀ ਸਮਾਨ ਦੀ ਭੰਨਤੋੜ ਦੀ ਭਰਪਾਈ ਤੇ ਸਾਰੇ ਸਮਾਨ ਦੀ ਵਾਪਸੀ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਇਨ੍ਹਾਂ ਹੱਕਾਂ ਦਾ ਗਵਰਨਰ ਤੇ ਰਾਸ਼ਟਰਪਤੀ ਦੇ ਨਾਮ ਦਾ ਮੰਗ ਪੱਤਰ ਵੀ ਡੀਸੀ ਦਫਤਰ ਰਾਹੀਂ ਭੇਜਿਆ ਗਿਆ। ਅੱਜ ਦੇ ਇਸ ਧਰਨੇ ’ਚ ਵਧੇਰੇ ਇਕੱਤਰਤਾ ਰਹੀ।
ਜੇਲ੍ਹ ’ਚੋਂ ਰਿਹਾਅ ਹੋਏ ਕਿਸਾਨ ਦਾ ਭਰਵਾਂ ਸਵਾਗਤ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਕਿਸਾਨ ਧਰਨੇ ਨੂੰ ਖਤਮ ਕਰਨ ਲਈ ਪੁਲੀਸ ਨੇ ਧਰਨਾਕਾਰੀਆਂ ਨੂੰ ਹਿਰਾਸਤ ਵਿਚ ਲੈਕੇ ਜੇਲ੍ਹ ਭੇਜਿਆ ਸੀ। ਪਿੰਡ ਸ਼ੁਤਰਾਣਾ ਦਾ ਕਿਸਾਨ ਪ੍ਰਭਜੀਤ ਸਿੰਘ ਅੱਜ ਰਿਹਾਅ ਹੋ ਕੇ ਪਿੰਡ ਪੁੱਜਾ ਤਾਂ ਪਿੰਡ ਦੀ ਪੰਚਾਇਤ, ਕਿਸਾਨ ਯੂਨੀਅਨ ਸਿੱਧੂਪੁਰ ਇਕਾਈ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਗੁਰਦੁਆਰਾ ਨਾਮ ਜਪ ਸਾਹਿਬ ਵਿੱਚ ਹਾਰ ਅਤੇ ਸਿਰੋਪਾਓ ਨਾਲ ਭਰਵਾਂ ਸਵਾਗਤ ਕੀਤਾ। ਪ੍ਰਭਜੀਤ ਸਿੰਘ ਪੂਹਲੇ ਨੇ ਕਿਹਾ ਕਿ ਇਹ ਸਰਕਾਰ ਦਾ ਨਾਦਰਸ਼ਾਹੀ ਫਰਮਾਨ ਨਹੀਂ ਸਗੋਂ ਹਿਟਲਰ ਸ਼ਾਹੀ ਕੰਮ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਨਾ ਸੋਚੇ ਕਿ ਧਰਨੇ ਸਮਾਪਤ ਕਰ ਦਿੱਤੇ ਇਹ ਉਦੋਂ ਤੱਕ ਲੱਗਦੇ ਰਹਿਣਗੇ ਜਦੋਂ ਤੱਕ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਲਾਗੂ ਨਹੀਂ ਕਰਦੀ। ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ਵਿੱਚ ਬਲਬੀਰ ਸਿੰਘ, ਸਰਪੰਚ ਸੁਰੇਸ਼ ਕੁਮਾਰ, ਸੁਖਵਿੰਦਰ ਸਿੰਘ, ਬਲਬੀਰ ਸਿੰਘ, ਸੂਬਾ ਸਿੰਘ, ਕਿਕਰ ਸਿੰਘ, ਹੀਰਾ ਸਿੰਘ ਨਾਈਵਾਲਾ, ਹਰਜੀਤ ਸਿੰਘ, ਸੁਖਵਿੰਦਰ ਸਿੰਘ ਝੱਬਰ, ਰਾਜ ਸਿੰਘ ਝੱਬਰ, ਸੇਵਾ ਸਿੰਘ ਅਤੇ ਮੇਜਰ ਸਿੰਘ ਹਾਜ਼ਰ ਸਨ।
