ਪਰਾਲੀ ਨਾ ਸਾੜਨ ਦੇ ਬਾਵਜੂਦ ਕਿਸਾਨ ਨੂੰ ਜੁਰਮਾਨਾ
ਇੱਥੋਂ ਨੇੜਲੇ ਪਿੰਡ ਭੱਟੀਵਾਲ ਕਲਾਂ ਦੇ ਕਿਸਾਨ ਨਵਜੋਤ ਸਿੰਘ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਬਾਵਜੂਦ ਮਾਲ ਵਿਭਾਗ ਵੱਲੋਂ ਜੁਰਮਾਨਾ ਕਰਨ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪੀੜਤ ਕਿਸਾਨ ਦੇ ਖੇਤ ਵਿੱਚ ਪਹੁੰਚ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਬਲਾਕ ਆਗੂ ਬਲਵਿੰਦਰ ਸਿੰਘ ਘਨੌੜ, ਜਸਵੀਰ ਸਿੰਘ ਗੱਗੜਪੁਰ, ਕਰਮ ਚੰਦ ਪੰਨਵਾਂ, ਕਸ਼ਮੀਰ ਸਿੰਘ ਆਲੋਅਰਖ, ਕੁਲਦੀਪ ਸਿੰਘ ਬਖੋਪੀਰ, ਗੁਰਚਰਨ ਸਿੰਘ, ਜਰਨੈਲ ਸਿੰਘ ਅਤੇ ਨੈਬ ਸਿੰਘ ਭੱਟੀਵਾਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਿੰਡ ਭੱਟੀਵਾਲ ਕਲਾਂ ਦੇ ਕਿਸਾਨ ਨਵਜੋਤ ਸਿੰਘ ਨੂੰ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੇ ਦੋਸ਼ ਹੇਠ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ, ਜਦੋਂ ਕਿ ਕਿਸਾਨ ਨਵਜੋਤ ਸਿੰਘ ਦੇ ਖੇਤ ਵਿੱਚ ਹਾਲੇ ਤੱਕ ਕੋਈ ਵੀ ਅੱਗ ਨਹੀਂ ਲਗਾਈ ਗਈ ਅਤੇ ਖੇਤ ਵਿੱਚ ਝੋਨਾ ਵੱਢਣ ਤੋਂ ਬਾਅਦ ਪਰਾਲੀ ਉਸੇ ਤਰ੍ਹਾਂ ਪਈ ਹੈ। ਕਿਸਾਨ ਆਗੂਆਂ ਨੇ ਸਬੰਧਤ ਕਿਸਾਨ ਨਵਜੋਤ ਸਿੰਘ ਦੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਦਿਖਾਉਂਦਿਆਂ ਕਿਹਾ ਕਿ ਇਹ ਕਿਸਾਨ ਬੇਲਰ ਨਾਲ ਇਸ ਪਰਾਲੀ ਦੀਆਂ ਗੱਠਾਂ ਬਣਵਾਉਣੀਆਂ ਚਾਹੁੰਦਾ ਹੈ ਪਰ ਕਿਸਾਨ ਨੂੰ ਹਾਲੇ ਤੱਕ ਗੱਠਾਂ ਵਾਲੀ ਮਸ਼ੀਨ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸਰਕਾਰ ਮਸ਼ੀਨਰੀ ਦਾ ਪ੍ਰਬੰਧ ਕਰਨ ਦੀ ਥਾਂ ਕਿਸਾਨਾਂ ’ਤੇ ਧੱਕੇ ਨਾਲ ਜੁਰਮਾਨੇ ਲਾ ਰਹੀ ਹੈ। ਆਗੂਆਂ ਨੇ ਕਿਹਾ ਕਿ ਪਿਛਲੇ 10-12 ਦਿਨਾਂ ਤੋਂ ਭਵਾਨੀਗੜ੍ਹ ਤਹਿਸੀਲ ਦਫਤਰ ਵਿੱਚੋਂ ਕਿਸਾਨ ਨੂੰ 5000 ਰੁਪਏ ਜੁਰਮਾਨਾ ਜਮ੍ਹਾ ਕਰਵਾਉਣ ਲਈ ਫੋਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਐੱਸ ਡੀ ਐੱਮ ਭਵਾਨੀਗੜ੍ਹ ਮਨਜੀਤ ਕੌਰ ਨੇ ਅਦਾਲਤ ਵਿੱਚ ਹੋਣ ਕਾਰਨ ਫੋਨ ’ਤੇ ਜਵਾਬ ਦੇਣ ਤੋਂ ਅਸਮੱਰੱਥਾ ਪ੍ਰਗਟਾਈ, ਜਦੋਂ ਕਿ ਸਬੰਧਤ ਨੋਡਲ ਅਫ਼ਸਰ, ਪਟਵਾਰੀ, ਖੇਤੀਬਾੜੀ ਅਫ਼ਸਰ ਇਸ ਸਬੰਧੀ ਕੋਈ ਜਵਾਬ ਦੇਣ ਦੀ ਥਾਂ ਇੱਕ ਦੂਜੇ ਮੁਲਾਜ਼ਮ ’ਤੇ ਜ਼ਿੰਮੇਵਾਰੀ ਸੁੱਟਦੇ ਰਹੇ।
