ਤਰੰਜੀ ਖੇੜਾ ’ਚੋਂ ਫੜੇ ਮਿਲਾਵਟੀ ਦੁੱਧ ਬਾਰੇ ਤੱਥ ਖੋਜ ਰਿਪੋਰਟ ਜਾਰੀ
ਜਮਹੂਰੀ ਅਧਿਕਾਰ ਸਭਾ ਵੱਲੋਂ ਕਰੀਬ ਇੱਕ ਮਹੀਨਾ ਪਹਿਲਾਂ ਪਿੰਡ ਤਰੰਜੀ ਖੇੜਾ (ਖਡਿਆਲੀ) ’ਚੋ ਵੱਡੀ ਮਾਤਰਾ ’ਚ ਕਥਿਤ ਮਿਲਾਵਟੀ ਦੁੱਧ ਫੜੇ ਜਾਣ ਦੀਆਂ ਖ਼ਬਰਾਂ ਮੀਡੀਆ ’ਚ ਨਸ਼ਰ ਹੋਣ ਤੋਂ ਬਾਅਦ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ।
ਜਾਂਚ ਮੁਕੰਮਲ ਕਰਨ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਵਲੋਂ ਤੱਥ ਖੋਜ ਰਿਪੋਰਟ ਜਾਰੀ ਕਰ ਦਿੱਤੀ ਹੈ। ਜਾਂਚ ਕਮੇਟੀ ਵਲੋਂ ਜਾਰੀ ਰਿਪੋਰਟ ਵਿਚ ਮਾਮਲੇ ਦੀ ਵਿਭਾਗੀ ਜਾਂਚ ਦੀ ਬਜਾਏ ਪੂਰੇ ਵਰਤਾਰੇ ਦੀ ਉੱਚ ਪੱਧਰੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਪੰਜ ਮੈਂਬਰੀ ਕਮੇਟੀ ’ਚ ਸ਼ਾਮਲ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਭੂਟਾਲ, ਬਸ਼ੇਸ਼ਰ ਰਾਮ, ਮਨਧੀਰ ਸਿੰਘ ਰਾਜੋਮਾਜਰਾ ਅਤੇ ਪ੍ਰਿੰਸੀਪਲ ਅਮਰੀਕ ਸਿੰਘ ਖੋਖਰ ਨੇ ਅੱਜ ਰਿਪੋਰਟ ਜਾਰੀ ਕਰਦਿਆਂ ਦੱਸਿਆ ਕਿ ਪਿੰਡ ਤਰੰਜੀ ਖੇੜਾ ਵਿਖੇ ਕਥਿਤ ਮਿਲਾਵਟੀ ਦੁੱਧ ਬਣਾ ਕੇ ਮਿਲਕ ਪਲਾਂਟ ਵਿਚ ਪਾਉਣ ਦਾ ਧੰਦਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ ਪਰ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਇਸ ਧੰਦੇ ਬਾਰੇ ਨਾ ਬੋਲਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਾਂਚ ਕਮੇਟੀ ਨੇ ਦੱਸਿਆ ਕਿ ਰੋਜ਼ਾਨਾ ਕਰੀਬ 150/200 ਲਿਟਰ ਮਿਲਾਵਟੀ ਦੁੱਧ ਇਕੱਠੇ ਹੋਏ ਦੁੱਧ ਵਿਚ ਮਿਲਾ ਕੇ ਵੇਚਿਆ ਜਾ ਰਿਹਾ ਸੀ। ਜਾਂਚ ਕਮੇਟੀ ਨੇ ਮੰਗ ਕੀਤੀ ਹੈ ਕਿ ਉਕਤ ਮਾਮਲੇ ਦੀ ਵਿਭਾਗੀ ਜਾਂਚ ਦੀ ਥਾਂ ਇਸ ਪੂਰੇ ਵਰਤਾਰੇ ਦੀ ਜਾਂਚ ਸਰਕਾਰ ਵੱਲੋਂ ਉਚ ਪੱਧਰੀ ਜਾਂਚ ਕਮੇਟੀ ਕਾਇਮ ਕਰਕੇ ਕਰਵਾਈ ਜਾਵੇ ਅਤੇ ਇਸ ਮਾਮਲੇ ਵਿਚ ਮਿਲਕ ਪਲਾਂਟ ਦੀ ਕਥਿਤ ਭੂਮਿਕਾ ਦੀ ਵੀ ਜਾਂਚ ਕਰਵਾਈ ਜਾਵੇ। ਕਮੇਟੀ ਨੇ ਆਊਟ ਸੋਰਸਿੰਗ ਅਤੇ ਠੇਕਾ ਪ੍ਰਣਾਲੀ ਬੰਦ ਕਰਕੇ ਕਰਮਚਾਰੀਆਂ ਦੀ ਨਿਯਮਤ ਪੱਕੀ ਭਰਤੀ ਕਰਨ ਅਤੇ ਆਰਜ਼ੀ ਅਮਲੇ ਫੈਲੇ ਦੀਆਂ ਨਿਗੂਣੀਆਂ ਤਨਖਾਹਾਂ ਵਿਚ ਤੁਰੰਤ ਵਾਧਾ ਕਰਨ ਦੀ ਮੰਗ ਵੀ ਕੀਤੀ। ਪ੍ਰਿੰਸੀਪਲ ਰਘਬੀਰ ਭੁਟਾਲ ਅਤੇ ਲਛਮਣ ਅਲੀਸ਼ੇਰ ਨੇ ਜਾਚ ਕਮੇਟੀ ਨੂੰ ਰਿਪੋਰਟ ਤਿਆਰ ਕਰਨ ਪੂਰਨ ਸਹਿਯੋਗ ਦਿੱਤਾ ਗਿਆ।