ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ਮੌਕੇ ਸਮਾਗਮ
ਇਥੇ ਡਾਕਟਰ ਭੀਮ ਰਾਓ ਅੰਬੇਦਕਰ ਵੈੱਲਫੇਅਰ ਜ਼ਿਲ੍ਹਾ ਸੁਸਾਇਟੀ ਸੰਦੌੜ ਦੇ ਮੈਂਬਰਾਂ ਵੱਲੋਂ ਕਾਂਸ਼ੀ ਰਾਮ ਦਾ ਪ੍ਰੀ ਨਿਰਵਾਣ ਦਿਵਸ ਅਨਾਜ ਮੰਡੀ ਸੰਦੌੜ ਵਿੱਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸੁਸਾਇਟੀ ਦੇ ਮੈਂਬਰਾਂ ਨੇ ਸ੍ਰੀ ਕਾਂਸ਼ੀ ਰਾਮ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਵੈੱਲਫੇਅਰ ਸੁਸਾਇਟੀ ਦੇ ਸੈਕਟਰੀ ਹਰੀਪਾਲ ਸਿੰਘ ਨੇ ਕਿਹਾ ਕਿ ਸ੍ਰੀ ਕਾਂਸ਼ੀ ਰਾਮ ਨੂੰ ਬਹੁਜਨ ਨਾਇਕ ਜਾਂ ਸਾਹਿਬ ਆਦਿ ਨਾਵਾਂ ਨਾਲ਼ ਪੁਕਾਰਿਆ ਜਾਂਦਾ ਹੈ। ਉਹ ਪੁਰਖ਼ ਭਾਰਤੀ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਅਤੇ ਬਹੁਜਨ ਰਾਜਨੀਤੀ ਦੇ ਵਾਹਕ ਸਨ। ਉਨ੍ਹਾਂ ਨੂੰ ਆਧੁਨਿਕ ਭਾਰਤ ਦੇ ਨਿਰਮਾਤਾ ਭੀਮ ਰਾਓ ਅੰਬੇਦਕਰ ਤੋਂ ਬਾਅਦ ਦਲਿਤ ਸਮਾਜ ਦਾ ਸਭ ਤੋਂ ਵੱਡਾ ਨੇਤਾ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਜਾਤੀ ਆਧਾਰਿਤ ਭਾਰਤੀ ਸਮਾਜ ਵਿਚ ਹਮੇਸ਼ਾ ਬਹੁਜਨਾਂ ਦੇ ਅਧਿਕਾਰਾਂ ਅਤੇ ਸਮਾਜਕ ਸਮਾਨਤਾ ਲਈ ਸੰਘਰਸ਼ ਕਰਦੇ ਰਹੇ। ਜਿਸ ਦੇ ਚਲਦਿਆਂ ਉਨ੍ਹਾਂ ਦੀ ਅਗਵਾਈ ਵਿਚ ਬਸਪਾ ਨੇ 1999 ਲੋਕ ਸਭਾ ਚੋਣਾਂ ਵਿਚ 14 ਸੀਟਾਂ ਹਾਸਲ ਕੀਤੀਆਂ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸਰਪੰਚ ਬਲਵੀਰ ਸਿੰਘ ਕਸਬਾ ਭਰਾਲ, ਜ਼ਿਲ੍ਹਾ ਪ੍ਰਧਾਨ ਡਾਕਟਰ ਲਾਭ ਸਿੰਘ ਕਲਿਆਣ, ਖਚਾਨਜੀ ਜਗਦੀਪ ਸਿੰਘ ਖੁਰਦ, ਵਾਈਸ ਚੇਅਰਮੈਨ ਜੁਗਰਾਜ ਸਿੰਘ ਫੌਜੇਵਾਲ, ਪ੍ਰੈਸ ਸਕੱਤਰ ਜਸਵੀਰ ਸਿੰਘ ਫਰਵਾਲੀ, ਸੁਖਵਿੰਦਰ ਸਿੰਘ ਛਿੰਦੀ ਫਰਵਾਲੀ, ਜਗਦੇਵ ਸਿੰਘ ਸੰਦੌੜ, ਕਰਮਜੀਤ ਸਿੰਘ ਜੀਤੀ ਫੌਜੇਵਾਲ, ਤਾਰਾ ਸਿੰਘ ਕਸਬਾ ਭਰਾਲ, ਮੱਘਰ ਸਿੰਘ ਕਸਬਾ ਭਰਾਲ, ਜੀਵਨ ਸਿੰਘ ਕਲਿਆਣ, ਅਮਨਿੰਦਰ ਸਿੰਘ ਫਰਵਾਲੀ, ਸੋਨੀ ਫਰਵਾਲੀ ਆਦਿ ਹਾਜ਼ਰ ਸਨ।