ਤੇਲ ਡਿਪੂ ਦੇ ਬਾਹਰ ਖੜ੍ਹੇ ਟੈਂਕਰ ’ਚੋਂ ਈਥਾਨੋਲ ਚੋਰੀ
ਸੰਗਰੂਰ ਪੁਲੀਸ ਨੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੇ ਡਿਪੂ ਅੱਗੇ ਖੜ੍ਹੇ ਟੈਂਕਰ ਵਿੱਚੋਂ 3100 ਲਿਟਰ ਈਥਾਨੋਲ ਚੋਰੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਦਰ ਪੁਲੀਸ ਅਨੁਸਾਰ ਹਰਪ੍ਰੀਤ ਸਿੰਘ ਵਾਸੀ ਦਮਨਹੇੜੀ ਜ਼ਿਲ੍ਹਾ ਪਟਿਆਲਾ ਨੇ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਹ ਆਜ਼ਾਦ ਟੈਂਕਰ ਕੰਪਨੀ ਪ੍ਰਾਈਵੇਟ ਲਿਮਟਿਡ ਬਨੂੜ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਹੈ। ਇਸ ਕੰਪਨੀ ਕੋਲ ਕਰੀਬ 150 ਤੇਲ ਵਾਲੇ ਟੈਂਕਰ ਹਨ। ਇਸ ਫਰਮ ਵਿੱਚ ਦੋ ਹਿੱਸੇਦਾਰ ਪ੍ਰੇਮ ਸਿੰਘ ਅਤੇ ਗੁਰਜੰਟ ਸਿੰਘ ਵਾਸੀਆਨ ਬਨੂੜ ਹਨ ਜੋ ਕਿ ਆਪਣੇ ਤੇਲ ਵਾਲੇ ਟੈਂਕਰਾਂ ਨੂੰ ਵੱਖ-ਵੱਖ ਫਰਮਾਂ ਵਿਚ ਕਿਰਾਏ ’ਤੇ ਭੇਜਦੇ ਹਨ। ਇੱਕ ਟੈਂਕਰ ਦਾ ਚਾਲਕ ਮਹਾਂਵੀਰ ਵਾਸੀ ਮੱਧ ਪ੍ਰਦੇਸ਼ ਹੈ ਜੋ ਕਿ ਦੋ ਅਕਤੂਬਰ ਨੂੰ ਟੈਂਕਰ ਵਿੱਚ ਵੀ ਆਰ ਵੀ ਹਾਊਸ ਪਟੈਲਟੀ ਦੀਨਾਨਗਰ ਪਠਾਨਕੋਟ ਫੈਕਟਰੀ ਤੋਂ 34 ਹਜ਼ਾਰ ਲਿਟਰ ਈਥਾਨੋਲ ਲੈ ਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਈਥਾਨੌਲ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਸੰਗਰੂਰ ਡਿਪੂ ਵਿੱਚ ਖਾਲੀ ਕਰਨਾ ਸੀ। 15 ਅਕਤੂਬਰ ਡਿਪੂ ਅੰਦਰ ਟੈਂਕਰ ਨੂੰ ਖਾਲੀ ਕਰਨ ਮਗਰੋਂ ਪਤਾ ਲੱਗਿਆ ਕਿ ਇਸ ਵਿਚੋਂ 3100 ਲਿਟਰ ਈਥਾਨੋਲ ਘੱਟ ਨਿਕਲਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਤੇਲ ਮਨਪ੍ਰੀਤ ਸਿੰਘ ਵਾਸੀ ਕੰਮੋਮਾਜਰਾ ਨੇ ਆਪਣੇ ਸਾਥੀ ਕੁਲਦੀਪ ਸਿੰਘ ਵਾਸੀ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਨਾਲ ਮਿਲੀਭੁਗਤ ਕਰਕੇ ਟੈਂਕਰ ਵਿਚੋਂ ਚੋਰੀ ਕਰ ਲਿਆ ਹੈ। ਪੁਲੀਸ ਅਨੁਸਾਰ ਮਨਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਖ਼ਿਲਾਫ਼ ਥਾਣਾ ਸਦਰ ਸੰਗਰੂਰ ਵਿੱਚ ਕੇਸ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
