ਦਸੌਂਧਾ ਸਿੰਘ ਵਾਲਾ ’ਚ 26 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾਇਆ
ਪੰਚਾਇਤ ਵਿਭਾਗ ਨੇ ਕਾਰਵਾਈ ਅਮਲ ਵਿੱਚ ਲਿਆਂਦੀ
Advertisement
ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਦਸੌਂਧਾ ਸਿੰਘ ਵਾਲਾ ਵਿੱਚ ਪੰਚਾਇਤ ਵਿਭਾਗ ਵੱਲੋਂ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹੇਠੋਂ ਕਰੀਬ 26 ਏਕੜ ਖ਼ਾਲੀ ਕਰਵਾਉਣ ਦੀ ਵੱਡੀ ਕਾਰਵਾਈ ਕੀਤੀ ਗਈ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜਗਰਾਜ ਸਿੰਘ ਨੇ ਦੱਸਿਆ ਕਿ ਡਿਊਟੀ ਮੈਜਿਸਟਰੇਟ ਰੀਤੂ, ਡੀਐੱਸਪੀ ਕੁਲਦੀਪ ਸਿੰਘ, ਮਾਲ ਵਿਭਾਗ ਤੋਂ ਕਾਨੂੰਨਗੋ ਗੁਰਿੰਦਰ ਸਿੰਘ ਰਾਏ, ਪੁਲੀਸ ਥਾਣਾ ਸੰਦੌੜ ਮੁਖੀ ਗਗਨਦੀਪ ਸਿੰਘ ਅਤੇ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਪਿਛਲੇ ਦਿਨੀਂ ਤਕਰੀਬਨ 26 ਏਕੜ ਪੰਚਾਇਤੀ ਜ਼ਮੀਨ ਨਾਜਾਇਜ਼ ਕਬਜ਼ੇ ਹੇਠ ਸੀ ਅਤੇ ਅਦਾਲਤ ਵੱਲੋਂ ਸਟੇਅ ਆਦਿ ਨਹੀਂ ਸੀ। ਇਸੇ ਕਾਰਨ ਪੂਰੇ ਅਮਨ-ਅਮਾਨ ਨਾਲ 26 ਏਕੜ 6 ਕਨਾਲ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ ਗਿਆ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜਗਰਾਜ ਸਿੰਘ ਦੱਸਿਆ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ‘ਕਲੈਕਟਰ ਦੀ ਅਦਾਲਤ ਵਿਚ ਹੋਏ ਫ਼ੈਸਲੇ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਇਹ ਜ਼ਮੀਨ ਗ੍ਰਾਮ ਪੰਚਾਇਤ ਪਿੰਡ ਦਸੌਂਧਾ ਸਿੰਘ ਵਾਲਾ ਦੇ ਅਧੀਨ ਹੈ, ਦੇ ਸਾਈਨ ਬੋਰਡ ਲਗਾ ਕੇ ਕਬਜ਼ਾ ਪੰਚਾਇਤ ਨੂੰ ਦਿਵਾ ਦਿੱਤਾ ਹੈ। ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਵਿਧਾਇਕ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਨੇ ਪੰਚਾਇਤ ਵਿਭਾਗ ਅਤੇ ਪੁਲੀਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਹੈ। ਹਾਜ਼ਰ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਇਸ ਜ਼ਮੀਨ ’ਤੇ ਤਕਰੀਬਨ 50-60 ਸਾਲਾਂ ਦਾ ਕਬਜ਼ਾ ਸੀ ਅਤੇ 7 ਸਾਲ ਇਸ ਦੀ ਵਿਭਾਗੀ ਕਾਰਵਾਈ ਚੱਲੀ ਇਸ ਉਪਰੰਤ ਇਹ ਫ਼ੈਸਲਾ ਪੰਚਾਇਤ ਦੇ ਹੱਕ ਵਿੱਚ ਹੋਇਆ। ਇਸ ਮੌਕੇ ਗੁਰਮੁਖ ਸਿੰਘ ਸਰਪੰਚ ਪਿੰਡ ਖਾਨਪੁਰ, ਸਰਪੰਚ ਪਰਮਜੀਤ ਕੌਰ, ਸੈਕਟਰੀ ਰਜਿੰਦਰ ਸਿੰਘ, ਸੈਕਟਰੀ ਮੁਹੰਮਦ ਬਸ਼ੀਰ, ਸਮਾਜਿਕ ਸਿੱਖਿਆ ਤੇ ਪੰਚਾਇਤ ਅਫ਼ਸਰ ਰਜਿੰਦਰ ਕੁਮਾਰ ਗੋਗੀ, ਸੁਖਦਰਸ਼ਨ ਸਿੰਘ ਸੁੱਖਾ ਗਿੱਲ ਮਿੱਠੇਵਾਲ ਤੇ ਗੁਰਪ੍ਰੀਤ ਸਿੰਘ ਮਿੱਠੇਵਾਲ ਆਦਿ ਹਾਜ਼ਰ ਸਨ।
Advertisement
Advertisement