ਮੁਲਾਜ਼ਮ ਮਾਰਚ ਮਹੀਨੇ ਦੀਆਂ ਤਨਖ਼ਾਹਾਂ ਨੂੰ ਤਰਸੇ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਅਪਰੈਲ
ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਮਾਰਚ ਮਹੀਨੇ ਦੀ ਤਨਖਾਹ ਤੋਂ ਵਾਂਝੇ ਹਨ ਅਤੇ ਨਿੱਤ ਦਿਨ ਤਨਖਾਹ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਸੂਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਕਨਵੀਨਰ ਗੁਰਦੇਵ ਸਿੰਘ ਢਿੱਲੋਂ, ਮੀਤ ਪ੍ਰਧਾਨ ਸੁਖਜੀਤ ਸਿੰਘ ਸੇਖੋਂ, ਰਣਦੀਪ ਸਿੰਘ, ਅਵਤਾਰ ਸਿੰਘ ਗੰਢੂਆਂ, ਨਿਗਾਹੀ ਰਾਮ ਮਾਲੇਰਕੋਟਲਾ ਤੇ ਕੁਲਵਿੰਦਰ ਸਿੱਧੂ ਨੇ ਦੱਸਿਆ ਕਿ ਮਾਰਚ ਮਹੀਨੇ ਦੀ ਤਨਖਾਹ ਹਾਲੇ ਤੱਕ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਨਸੀਬ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਪਹਿਲਾਂ ਡਿਜੀਟਲ ਡੌਗਲ ਕਾਰਨ ਬਿੱਲ ਇਸ ਵਾਰ 10 ਅਪਰੈਲ ਤੋਂ ਬਾਅਦ ਖਜ਼ਾਨਾ ਦਫ਼ਤਰਾਂ ਵਿਚ ਪੁੱਜੇ ਹਨ ਜਿਸ ਕਾਰਨ ਹਜ਼ਾਰਾਂ ਮੁਲਾਜ਼ਮਾਂ ਦੀ ਤਨਖਾਹ ਖਜ਼ਾਨਾ ਦਫ਼ਤਰਾਂ ਵਿਚ ਟੋਕਨ ਲੇਟ ਲੱਗਣ ਕਾਰਨ ਤਨਖਾਹ ਅਟਕੀ ਪਈ ਹੈ। ਉਨ੍ਹਾਂ ਕਿਹਾ ਕਿ ਅਦਾਇਗੀਆਂ ਬੰਦ ਹੋਣ ਕਾਰਨ ਤਨਖਾਹਾਂ ਸਮੇਤ ਮੈਡੀਕਲ ਬਿਲ, ਜੀਪੀਐੱਫ਼, ਏਰੀਅਰ ਆਦਿ ਪਿਛਲੇ ਕਈ ਮਹੀਨਿਆਂ ਤੋਂ ਰੁਕੇ ਪਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਐੱਨਐੱਚਐੱਮ ਅਧੀਨ ਕਰੀਬ 15 ਹਜ਼ਾਰ ਮੁਲਾਜ਼ਮ ਤਨਖਾਹਾਂ ਤੋਂ ਵਾਂਝੇ ਹਨ ਅਤੇ 21 ਹਜ਼ਾਰ ਆਸ਼ਾ ਵਰਕਰ ਵਾਲੰਟੀਅਰਾਂ ਮਾਣ ਭੱਤੇ ਨੂੰ ਤਰਸ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਤਨਖਾਹਾਂ ਨਾ ਮਿਲਣ ਕਾਰਨ ਮੁਲਾਜ਼ਮ ਜਿਥੇ ਆਪਣੇ ਬੱਚਿਆਂ ਦੇ ਦਾਖਲੇ ਭਰਨ ਅਤੇ ਕਣਕ ਦੀ ਖਰੀਦ ਆਦਿ ਕਰਨ ਸਮੇਤ ਅਨੇਕਾਂ ਆਰਥਿਕ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਤਨਖਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਮੁਲਾਜ਼ਮ ਖਜ਼ਾਨਾ ਦਫ਼ਤਰਾਂ ਅੱਗੇ ਪ੍ਰਦਰਸ਼ਨਾਂ ਲਈ ਮਜਬੂਰ ਹੋਣਗੇ।