ਮੁਲਾਜ਼ਮਾਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਭੁੱਖ ਹੜਤਾਲ
ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਦੇ ਸੱਦੇ ’ਤੇ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਅਤੇ ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਇੱਥੇ ਡੀ.ਸੀ. ਦਫ਼ਤਰ ਅੱਗੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਭੁੱਖ ਹੜਤਾਲ ਕੀਤੀ ਗਈ। ਭੁੱਖ ਹੜਤਾਲ ਵਿੱਚ ਵੱਡੀ ਗਿਣਤੀ ’ਚ ਜ਼ਿਲ੍ਹੇ ਦੇ ਅਧਿਆਪਕ ਅਤੇ ਮੁਲਾਜ਼ਮ ਬੈਠੇ। ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਸਰਬਜੀਤ ਸਿੰਘ ਪੁੰਨਾਵਾਲ, ਸਤਵੰਤ ਸਿੰਘ ਆਲਮਪੁਰ, ਸੂਬਾ ਕੋ-ਕਨਵੀਨਰ ਜਸਵਿੰਦਰ ਜੱਸਾ, ਗਗਨ ਬੁਗਰਾ, ਮਨਪ੍ਰੀਤ ਸਿੰਘ ਟਿੱਬਾ, ਅਸ਼ੋਕ ਕੁਮਾਰ, ਬੂਟਾ ਖਾਨ, ਰਾਣੋ ਖੇੜੀ ਗਿੱਲਾਂ ਅਤੇ ਗੁਰਪ੍ਰੀਤ ਕੌਰ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰ ਦੋਵੇਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੋਂ ਮੁਨਕਰ ਹਨ। ਪੰਜਾਬ ਸਰਕਾਰ ਨੇ ਆਪਣਾ ਤਿੰਨ ਸਾਲ ਪਹਿਲਾਂ ਕੀਤਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਲਾਗੂ ਕਰਨਾ ਭੁੱਲ ਕੇ ਚੋਣਾਂ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਦੀ ਦਿੱਤੀ ਗਾਰੰਟੀ ਤੋਂ ਮੂੰਹ ਫੇਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਚੌਥੀ ਦੀਵਾਲੀ ਵੀ ਪੈਨਸ਼ਨ ਵਿਹੂਣੇ ਹੀ ਮਨਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਮੁਲਾਜ਼ਮਾਂ ’ਤੇ ਯੂਪੀਐੱਸ ਥੋਪ ਕੇ ਉਨ੍ਹਾਂ ਦੀ ਜਮ੍ਹਾਂ ਪੂੰਜੀ ਹੀ ਪੈਨਸ਼ਨ ਦੇ ਰੂਪ ਵਿੱਚ ਪਰੋਸ ਕੇ ਕਾਰਪੋਰੇਟਾਂ ਦੀ ਸੇਵਾ ਕਰ ਰਹੀ ਹੈ । ਆਗੂਆਂ ਨੇ ਕਿਹਾ ਕਿ ਪਹਿਲਾਂ ਇਹ ਹੜਤਾਲ ਪੰਜ ਸਤੰਬਰ ਨੂੰ ਹੋਣੀ ਸੀ ਪਰ ਹੜ੍ਹਾਂ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਕਾਰਨ ਇਹ ਮੁਲਤਵੀ ਕਰਕੇ ਅੱਜ 1 ਅਕਤੂਬਰ ਨੂੰ ਤੈਅ ਕੀਤੀ ਗਈ। ਭੁੱਖ ਹੜਤਾਲੀ ਮੁਲਾਜ਼ਮਾਂ ਨੇ ਸਰਕਾਰਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਤੋਂ ਬਿਨਾਂ ਸਮਾਜਿਕ ਸੁਰੱਖਿਆ ਸੰਭਵ ਨਹੀਂ ਇਸ ਲਈ ਕਰਮਚਾਰੀ ਦਾ ਸਹੀ ਸਨਮਾਨ ਪੁਰਾਣੀ ਪੈਨਸ਼ਨ ਬਹਾਲੀ ਨਾਲ ਹੀ ਹੋਵੇਗਾ। ਭੁੱਖ ਹੜਤਾਲ ਵਿੱਚ ਪੰਜਾਬ ਦੇ ਸਮੂਹ ਐੱਨ ਪੀ ਐੱਸ ਮੁਲਾਜ਼ਮਾਂ ਨੇ ਹਿੱਸਾ ਲੈ ਕੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਇਸ ਅਹਿਮ ਮੰਗ ਨੂੰ ਅਣਗੌਲਿਆਂ ਕੀਤਾ ਤਾਂ 25 ਨਵੰਬਰ ਨੂੰ ਰਾਮ ਲੀਲਾ ਮੈਦਾਨ ਦਿੱਲੀ ਵਿੱਚ ਰੈਲੀ ਕੀਤੀ ਜਾਵੇਗੀ। ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ, ਜਗਦੀਪ ਭੱਠਲ, ਸਤਨਾਮ ਸੰਗਤੀਵਾਲਾ, ਸ਼ੇਰਾ ਰਾਮਗੜ੍ਹ, ਬਲਦੇਵ ਸਿੰਘ ਬਡਰੁੱਖਾਂ, ਮਾਲਵਿੰਦਰ ਸਿੰਘ ਸੰਧੂ, ਜਸਬੀਰ ਕੌਰ ਮਾਝੀ, ਮੋਨਿਕਾ ਰਾਣੀ, ਫਕੀਰ ਸਿੰਘ ਟਿੱਬਾ, ਬੱਗਾ ਸਿੰਘ, ਦੇਵੀ ਦਿਆਲ, ਅਸ਼ੋਕ ਕੁਮਾਰ, ਗੁਰਲਾਭ ਸਿੰਘ, ਜਸਵੀਰ ਜਹਾਂਗੀਰ, ਸਤਨਾਮ ਉਭਾਵਾਲ, ਪਦਮ ਮਿੱਤਲ, ਰਾਜੇਸ਼ ਬਾਂਸਲ, ਰਣਧੀਰ ਸਿੰਘ ਬਾਦਸ਼ਾਹਪੁਰ, ਬਾਰਾ ਸਿੰਘ, ਮਨਪ੍ਰੀਤ ਸਿੰਘ, ਜਗਦੇਵ ਕੁਮਾਰ ਅਤੇ ਹੋਰ ਵੱਡੀ ਗਿਣਤੀ ਵਿੱਚ ਮੁਲਾਜ਼ਮ ਮੌਜੂਦ ਸਨ।