ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਅਰੋੜਾ ਦੀ ਕੋਠੀ ਤੱਕ ਮਾਰਚ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਮੰਨਵਾਉਣ ਲਈ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕੀਤੀ। ਇਸ ਸਬੰਧ ਵਿੱਚ ਸੁਨਾਮ ਦੇ ਮੋਦੀ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਇਕੱਤਰ ਹੋਏ। ਇਕੱਠ ਤੋਂ ਬਾਅਦ ਮਾਰਚ ਦੇ ਰੂਪ ਵਿੱਚ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ’ਤੇ ਪਹੁੰਚ ਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਣ ਦੀ ਕੋਸ਼ਿਸ਼ ਕੀਤੀ। ਮੰਤਰੀ ਦੇ ਮੌਜੂਦ ਨਾ ਹੋਣ ਕਾਰਨ ਮੰਗ ਪੱਤਰ ਉਨ੍ਹਾਂ ਦੇ ਪੀਏ ਨੂੰ ਸੌਂਪਿਆ ਗਿਆ। ਇਸ ਮੌਕੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਆਗੂ ਰਾਮ ਸਰੂਪ ਢੈਪਈ, ਬਲਵਿੰਦਰ ਸਿੰਘ, ਜੀਤ ਸਿੰਘ ਬੰਗਾ, ਭੁਪਿੰਦਰ ਸਿੰਘ ਛਾਜਲੀ, ਮਾਲਵਿੰਦਰ ਸਿੰਘ, ਸੁਰੇਸ਼ ਕਾਂਸਲ, ਹਰਦੇਵ ਸਿੰਘ ਜਵੰਦਾ, ਜੈ ਦੇਵ ਸਰਮਾ, ਹਰਚਰਨ ਸਿੰਘ ਲਹਿਰੀ, ਗੁਲਜਾਰ ਖਾਨ ਤੇ ਕਰਮਦੀਨ ਆਦਿ ਹਾਜ਼ਰ ਸਨ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਰਾਜ ਪੱਧਰ ’ਤੇ ਅਗਲਾ ਰਣਨੀਤਕ ਸੰਘਰਸ਼ ਕੀਤਾ ਜਾਵੇਗਾ।
ਡੀਏ ਦੀਆਂ ਕਿਸ਼ਤਾਂ ਜਾਰੀ ਕਰਨ ਦੀ ਮੰਗ
Advertisementਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮਾਲੇਰਕੋਟਲਾ ਦੀ ਅੱਜ ਕਾਲੀ ਮਾਤਾ ਮੰਦਰ ਦੇ ਹਾਲ ’ਚ ਜਸਵੰਤ ਸਿੰਘ ਬਨਭੌਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਦੌਰਾਨ ਇਕੱਠੇ ਹੋਏ ਪੈਨਸ਼ਨਰਾਂ ਨੇ ਡੀਏ ਦੀਆਂ ਕਿਸ਼ਤਾਂ ਨਾ ਦੇਣ ਅਤੇ ਜਾਇਜ਼ ਮੰਗਾਂ ਪੂਰੀਆਂ ਨਾ ਕਰਨ ਲਈ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਸਵੰਤ ਸਿੰਘ ਬਨਭੌਰੀ, ਡਿਪਟੀ ਡਾਇਰੈਕਟਰ ਰਿਟਾ. ਜੋਗਿੰਦਰ ਸਿੰਘ ਔਲਖ, ਸੇਵਾਮੁਕਤ ਡੀਈਓ ਗੁਰਦੇਵ ਸਿੰਘ, ਜਨਰਲ ਸਕੱਤਰ ਕੁਲਵੰਤ ਸਿੰਘ ਸਰਵਰਪੁਰ ਤੇ ਪ੍ਰਿੰਸੀਪਲ ਜੰਗ ਸਿੰਘ ਨਾਰੋਮਾਜਰਾ ਨੇ ਕਿਹਾ ਕਿ ਹੁਕਮਰਾਨ ਬਣੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਪੈਨਸ਼ਨਰਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਪੰਜਾਬ ਦੇ ਪੈਨਸ਼ਨਰ ਇਸ ਸਰਕਾਰ ਦੇ ਰਵੱਈਏ ਤੋਂ ਬੁਰੀ ਤਰ੍ਹਾਂ ਮਾਯੂਸ ਹਨ।