ਝੋਨੇ ’ਤੇ ਨਮੀ ਦੀਆਂ ਸ਼ਰਤਾਂ ਨਰਮ ਕਰਨ ’ਤੇ ਜ਼ੋਰ
ਇੱਥੇ ਅਨਾਜ ਮੰਡੀ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਦੋ ਬਲਾਕਾਂ ਧੂਰੀ ਤੇ ਸ਼ੇਰਪੁਰ ਦੀ ਸਾਂਝੀ ਮੀਟਿੰਗ ਵਿੱਚ ਜਥੇਬੰਦੀ ਦੇ ਕਾਰਕੁਨਾਂ ਨੇ ਜਿੱਥੇ ਬੌਣੇ ਰੋਗ ਤੇ ਚੀਨੀ ਵਾਇਰਸ ਨਾਲ ਨੁਕਸਾਨੇ ਝੋਨੇ ਦਾ ਮੁਆਵਜ਼ਾ ਮੰਗਿਆ ਉੱਥੇ ਕਿਸਾਨੀ ਮੰਗਾਂ ਦੇ ਹੱਕ ਵਿੱਚ 8 ਅਕਤੂਬਰ ਨੂੰ ਸੰਗਰੂਰ ਵਿਖੇ ਲਗਾਏ ਜਾ ਰਹੇ ਧਰਨੇ ਦੀ ਤਿਆਰੀ ਸਬੰਧੀ ਵੀ ਵਿਚਾਰਾਂ ਕੀਤੀਆਂ। ਜਥੇਬੰਦੀ ਦੇ ਬਲਾਕ ਪ੍ਰਧਾਨ ਧੂਰੀ ਭੁਪਿੰਦਰ ਸਿੰਘ, ਬਲਾਕ ਪ੍ਰਧਾਨ ਸ਼ੇਰਪੁਰ ਪ੍ਰੀਤਮ ਸਿੰਘ ਬਾਦਸ਼ਾਹਪੁਰ ਅਤੇ ਜਥੇਬੰਦੀ ਦੇ ਸੂਬਾ ਸਕੱਤਰ ਰਛਪਾਲ ਸਿੰਘ ਦੋਹਲਾ ਦੀ ਸਾਂਝੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਇਸ ਵਾਰ ਝੋਨੇ ਦੀ ਨਮੀ 17 ਫੀਸਦੀ ਕਰਨ ਦਾ ਮੁੱਦਾ ਉੱਭਰਿਆ ਤਾਂ ਆਗੂਆਂ ਨੇ ਕਿਹਾ ਕਿ ਪਹਿਲਾਂ ਇਹ ਨਮੀ ਦੀ ਮਾਤਰਾ 22 ਫੀਸਦੀ ਤੱਕ ਸਵੀਕਾਰ ਕਰ ਲਈ ਜਾਂਦੀ ਰਹੀ ਹੈ ਪਰ ਇਸ ਵਾਰ ਭਰਵੇਂ ਮੀਂਹਾਂ ਦਾ ਸੰਤਾਪ ਭੋਗ ਰਹੇ ਲੋਕਾਂ ਨੂੰ ਰਾਹਤ ਦੀ ਥਾਂ ਹੋਰ ਸਖ਼ਤੀ ਕੀਤੀ ਜਾ ਰਹੀ ਹੈ ਜੋ ਬਰਦਾਸ਼ਤਯੋਗ ਨਹੀਂ। ਉਕਤ ਆਗੂਆਂ ਨੇ ਦਾਅਵਾ ਕੀਤਾ ਚੀਨੀ ਵਾਇਰਸ ਤੇ ਬੌਨੇ ਰੋਗ ਕਾਰਨ ਬਹੁਤੇ ਕਿਸਾਨਾਂ ਦੀ 70 ਫੀਸਦੀ ਤੋਂ ਵੱਧ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਤੁਰੰਤ ਗਿਰਦਾਵਰੀ ਕੀਤੇ ਜਾਣ ਦੀ ਲੋੜ ਹੈ। ਆਗੂਆਂ ਨੇ ਨਵੇਂ ਫੁਰਮਾਨ ਤਹਿਤ ਪਰਾਲੀ ਨੂੰ ਖੇਤ ਵਿੱਚ ਰਲਾਵੁਣ ਲਈ ਦੋ ਸੌ ਰੁਪਏ ਪ੍ਰਤੀ ਕੁਵਿੰਟਲ ਦੀ ਮੰਗ ਕਰਦਿਆਂ ਕੰਬਾਇਨਾਂ ਦੇ ਸੁਪਰ ਐਸਐਮਐਸ ਨਾਲ ਕਟਾਈ ਦੀ ਸ਼ਰਤ ਹਟਾਏ ਜਾਣ ਦੀ ਮੰਗ ਵੀ ਉਠਾਈ। ਇਸੇ ਤਰਾਂ ਘੱਗਰ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਪੱਕੇ ਪ੍ਰਬੰਧ ਕਰਨ, ਬੇਸਹਾਰਾ ਪਸ਼ੂਆਂ ਅਤੇ ਜੰਗਲੀ ਸੂਰਾਂ ਤੋਂ ਫਸਲ ਬਚਾਉਣ, ਮੰਡੀਆਂ ’ਚ ਸਰਕਾਰੀ ਕੰਡੇ ਅਤੇ ਬਾਰਦਾਨੇ ਦਾ ਸਹੀ ਪ੍ਰਬੰਧ ਕਰਨ ਦੀਆਂ ਮੰਗਾਂ ਵੀ ਰੱਖੀਆਂ।