ਬਿਜਲੀ ਕਾਮਿਆਂ ਨੇ ਨਿੱਜੀਕਰਨ ਖ਼ਿਲਾਫ਼ ਧਰਨਾ ਦਿੱਤਾ
ਟੀ ਐੱਸ ਯੂ ਪਟਿਆਲਾ ਦੇ ਸਰਕਲ ਪ੍ਰਧਾਨ ਹਰਜੀਤ ਸਿੰਘ ਸੇਖੋਂ ਦੀ ਅਗਵਾਈ ਹੇਠ ਬਿਜਲੀ ਕਾਮਿਆਂ ਵੱਲੋਂ ਪੂਰਬ ਮੰਡਲ ਪਟਿਆਲਾ ਅੱਗੇ ਸਾਂਝਾ ਧਰਨਾ ਦਿੱਤਾ ਗਿਆ। ਸਰਕਲ ਸਕੱਤਰ ਬਿਰੇਸ਼ ਕੁਮਾਰ ਨੇ ਦੱਸਿਆ ਕਿ ਇਹ ਧਰਨਾ ਬਿਜਲੀ ਸੋਧ ਬਿੱਲ 2025 ਰੱਦ ਕਰਵਾਉਣ, ਬਿਜਲੀ ਬੋਰਡ ਦੀਆਂ ਜ਼ਮੀਨਾਂ ਨੂੰ ਵੇਚਣ ਖ਼ਿਲਾਫ਼, ਡਿਸਮਿਸ ਆਗੂਆਂ ਨੂੰ ਹਾਈ ਕੋਰਟ ਦੇ ਫੈਸਲੇ ਅਨੁਸਾਰ ਬਹਾਲ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ, 16 ਪ੍ਰਤੀਸ਼ਤ ਡੀ ਏ ਨੂੰ ਬਹਾਲ ਕਰਵਾਉਣ ਅਤੇ ਹੋਰ ਭੱਤੇ ਬਹਾਲ ਕਰਵਾਉਣ ਲਈ, ਨਿੱਜੀਕਰਨ ਦੀ ਨੀਤੀ ਰੱਦ ਕਰਵਾਉਣ, ਨਵੀਂ ਭਰਤੀ ਪੱਕੇ ਤੌਰ ’ਤੇ ਕਰਵਾਉਣ ਅਤੇ ਸੀ ਐੱਚ ਬੀ ਕਾਮਿਆਂ ਨੂੰ ਪੱਕੇ ਕਰਵਾਉਣ ਲਈ ਦਿੱਤਾ ਗਿਆ। ਅਖੀਰ ਵਿੱਚ ਸਾਰੇ ਕਾਮਿਆਂ ਨੇ ਇਕੱਠੇ ਹੋ ਕੇ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ। ਇਸੇ ਦੌਰਾਨ ਬਿਜਲੀ ਕਾਮਿਆਂ ਨੇ ਡਿਵੀਜ਼ਨ ਮਾਲੇਰਕੋਟਲਾ ਵਿੱਜ ਸਾਂਝੇ ਤੌਰ ’ਤੇ ਗੇਟ ਰੈਲੀ ਕੀਤੀ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਲੇਬਰ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2025 ਨੂੰ ਲਾਗੂ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਪਾਵਰਕੌਮ ਦੀਆਂ ਜਾਇਦਾਦਾਂ ਵੇਚਣ ਦੇ ਵਿਰੁੱਧ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਜਸਵੀਰ ਸਿੰਘ ਨੌਧਰਾਣੀ ਡਵੀਜ਼ਨ ਪ੍ਰਧਾਨ, ਸ਼ਿਵ ਕੁਮਾਰ, ਜਸਵੀਰ ਸਿੰਘ ਸਰੌਦ, ਅਮਨਦੀਪ, ਹਰਦੀਪ ਸਿੰਘ ਰੁੜਕਾ, ਸ਼ਕੀਲ ਖੁਰਦ, ਮਨਦੀਪ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਦੇ ਬੁਢਾਪੇ ਦਾ ਸਹਾਰਾ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰੰਤੂ ਅਜੇ ਤੱਕ ਪੈਨਸ਼ਨ ਲਾਗੂ ਨਹੀਂ ਕੀਤੀ ਗਈ।
