ਬਿਜਲੀ ਮੁਲਾਜ਼ਮਾਂ ਵੱਲੋਂ ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਰੈਲੀ
ਪਾਵਰਕੌਮ ਦੀਆਂ ਬਹੁਤ ਕੀਮਤੀ ਜਾਇਦਾਦਾਂ ਵੇਚਣ ਦੀ ਤਿਆਰੀ ਖ਼ਿਲਾਫ਼ ਅਦਾਰੇ ਦੀਆਂ ਸੰਘਰਸ਼ਸ਼ੀਲ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰ, ਗਰਿੱਡ ਸਬ-ਸਟੇਸ਼ਨ ਐਂਪਲਾਈਜ਼ ਯੂਨੀਅਨ ਦੇ ਸੱਦੇ ’ਤੇ ਅੱਜ ਲਹਿਰਾਗਾਗਾ ਡਿਵੀਜ਼ਨ ਦੇ ਗੇਟ ਅੱਗੇ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਸੂਬਾਈ ਆਗੂ ਰਾਮ ਚੰਦਰ ਸਿੰਘ ਖਾਈ, ਜੰਗੀਰ ਸਿੰਘ ਕਟਾਰੀਆ ਤੇ ਜਸਵਿੰਦਰ ਸਿੰਘ ਪਿਸ਼ੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਤੇ ਬਿਜਲੀ ਵਿਭਾਗ ਦੇ ਸਮੁੱਚੇ ਕੰਮ ਦਾ ਪਹਿਲਾਂ ਹੀ ਬਹੁਤ ਬੋਝ ਹੈ ਕਿਉਂਕਿ ਬਿਜਲੀ ਵਿਭਾਗ ਵਿੱਚ ਜੇ ਲੋਡ ਨੂੰ ਮੁੱਖ ਰੱਖ ਕੇ ਦੇਖਿਆ ਜਾਵੇ ਤਾਂ ਹਜ਼ਾਰਾਂ ਹੀ ਟੈਕਨੀਕਲ ਤੇ ਕਲੈਰੀਕਲ ਕਾਮਿਆਂ ਦੀਆਂ ਪੋਸਟਾਂ ਖਾਲੀ ਪਈਆਂ ਹਨ ਪਰ ਫਿਰ ਵੀ ਬਿਜਲੀ ਮੁਲਾਜ਼ਮ ਦਿਨ ਰਾਤ ਇਕ ਕਰਕੇ 24 ਘੰਟੇ ਬਿਜਲੀ ਸਪਲਾਈ ਰੱਖ ਰਹੇ ਹਨ। ਇਸ ਤੋਂ ਇਲਾਵਾ ਬਿਜਲੀ ਮੁਲਾਜ਼ਮਾਂ ਦੀਆਂ ਡਿਊਟੀਆਂ ਪਰਾਲੀ ਸਾੜਨ ਤੋਂ ਰੋਕਣ ਲਈ ਲਗਾਈਆਂ ਜਾ ਰਹੀਆਂ ਹਨ। ਇਸ ਦੌਰਾਨ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਤੇ ਪਾਵਰਕੌਮ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਬਿਜਲੀ ਮੁਲਾਜ਼ਮਾਂ ਦੀਆਂ ਮਹਿਕਮੇ ਤੋਂ ਬਾਹਰ ਲਗਾਈਆਂ ਡਿਊਟੀਆਂ ਤੁਰੰਤ ਕੱਟੀਆਂ ਜਾਣ ਅਤੇ ਨਾਲ ਹੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਮਹਿਕਮੇ ਦੀ ਜਾਇਦਾ ਹੈ ਉਸ ਨੂੰ ਵੇਚਣ ਨਹੀਂ ਦਿੱਤਾ ਜਾਵੇਗਾ।