ਬਿਜਲੀ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ ਦਾ ਐਲਾਨ
ਸਮੂਹ ਜਥੇਬੰਦੀਆਂ ਦੇ ਸਰਕਲ ਆਗੂਆਂ ਨੇ ਪਾਵਰਕੌਮ ਦੇ ਸਰਕਲ ਦਫ਼ਤਰ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿਚ ਪਿਛਲੇ ਸਮੇਂ ਦੌਰਾਨ ਪ੍ਰਸ਼ਾਸਨ ਨੂੰ ਡਿਊਟੀਆਂ ਕੱਟਣ ਲਈ ਦਿੱਤੇ ਮੰਗ ਪੱਤਰ ਬਾਰੇ ਚਰਚਾ ਕੀਤੀ ਗਈ।
ਮੀਟਿੰਗ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਦੇ ਆਗੂ ਦਵਿੰਦਰ ਸਿੰਘ ਪਸ਼ੌਰ, ਕੁਲਵਿੰਦਰ ਸਿੰਘ ਢਿੱਲੋਂ, ਬਿਕਰਮਜੀਤ ਸਿੰਘ, ਜੀਵਨ ਸਿੰਘ, ਲਖਵਿੰਦਰ ਸਿੰਘ, ਗੁਰਬਖਸ਼ੀਸ਼ ਸਿੰਘ, ਹਰਦੀਪ ਸਿੰਘ, ਪਰਮਜੀਤ ਸਿੰਘ ਪੰਮਾ, ਰਣਜੀਤ ਸਿੰਘ ਅਤੇ ਭੋਲਾ ਸਿੰਘ ਨੇ ਦੱਸਿਆ ਕਿ ਬੀਤੀ 24 ਅਕਤੂਬਰ ਨੂੰ ਮੁਲਾਜ਼ਮਾਂ ਵੱਲੋਂ ਡਿਊਟੀਆਂ ਕਟਾਉਣ ਲਈ ਦਿੱਤੇ ਰੋਸ ਧਰਨੇ ਵਿੱਚ ਏ ਡੀ ਸੀ ਸੰਗਰੂਰ ਨੇ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਸੀ ਕਿ ਪ੍ਰਸ਼ਾਸਨ ਵੱਲੋਂ ਬਿਜਲੀ ਬੋਰਡ ਦੇ ਟੈਕਨੀਕਲ ਸਟਾਫ਼ ਦੀਆਂ ਪਰਾਲੀ ਸਬੰਧੀ ਲਗਾਈਆਂ ਡਿਊਟੀਆਂ ਕੱਟ ਦਿੱਤੀਆਂ ਜਾਣਗੀਆਂ। ਇਸ ਭਰੋਸੇ ਤੋਂ ਤੁਰੰਤ ਬਾਅਦ ਬਿਜਲੀ ਮੁਲਾਜ਼ਮਾਂ ਵੱਲੋਂ ਅਪਣਾ ਧਰਨਾ ਖ਼ਤਮ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਵੀ ਬਿਜਲੀ ਮੁਲਾਜ਼ਮਾਂ ਦੀਆਂ ਡਿਊਟੀਆਂ ਕੱਟਣ ਦੀ ਬਜਾਏ ਹੋਰ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ, ਜਿਸ ਤੋਂ ਮੁਲਾਜ਼ਮ ਖ਼ਫ਼ਾ ਹਨ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਕਿ ਪ੍ਰਸ਼ਾਸਨ ਦੇ ਅਜਿਹੇ ਵਤੀਰੇ ਖ਼ਿਲਾਫ਼ 11 ਨਵੰਬਰ ਨੂੰ ਪਾਵਰਕੌਮ ਦੇ ਸਰਕਲ ਸੰਗਰੂਰ ਦੇ ਸਮੂਹ ਦਫ਼ਤਰੀ ਅਤੇ ਫੀਲਡ ਵਿਚ ਕੰਮ ਕਰਦੇ ਬਿਜਲੀ ਮੁਲਾਜ਼ਮ ਆਪੋ-ਆਪਣੇ ਦਫ਼ਤਰਾਂ ’ਚ ਕਲਮ ਛੋੜ ਹੜਤਾਲ ਅਤੇ ਟੂਲ ਡਾਊਨ ਹੜਤਾਲ ਕਰਨਗੇ। ਇਸ ਸਬੰਧੀ ਨਿਗਰਾਨ ਇੰਜਨੀਅਰ ਰਘੂਰੀਤ ਸਿੰਘ ਸਰਕਲ ਸੰਗਰੂਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਦੌਰਾਨ ਜੇਕਰ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਪਾਵਰਕੌਮ ਮੈਨੇਜਮੈਂਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਪ੍ਰਸ਼ਾਸਨ ਨੇ ਬਿਜਲੀ ਮੁਲਾਜ਼ਮਾਂ ਦੀਆਂ ਪਰਾਲੀ ਸਾੜਨ ਤੋਂ ਰੋਕਣ ਲਈ ਲਗਾਈਆਂ ਡਿਊਟੀਆਂ ਨਾ ਕੱਟੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
