ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਮੁਲਤਵੀ
ਧੂਰੀ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਬੰਧੀ ਮੀਟਿੰਗ ਮੌਕੇ ’ਤੇ ਮੁਲਤਵੀ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਐੱਸ.ਡੀ.ਐੱਮ ਧੂਰੀ ਰਿਸ਼ਵ ਬਾਂਸਲ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਤਰਫ਼ੋਂ 11 ਸਤੰਬਰ ਦੇ ਪ੍ਰਾਪਤ ਹੋਏ ਪੱਤਰ ਅਨੁਸਾਰ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਬੰਧੀ ਬਕਾਇਦਾ ਸਾਰੇ ਕੌਂਸਲਰਾਂ ਨੂੰ ਏਜੰਡਾ ਭੇਜਿਆ ਗਿਆ ਸੀ ਜਿਸ ਅਨੁਸਾਰ ਅੱਜ ਬਾਅਦ ਦੁਪਹਿਰ 2 ਵਜੇ ਚੋਣ ਸਬੰਧੀ ਮੀਟਿੰਗ ਰੱਖੀ ਗਈ ਸੀ, ਪਰ ਮੌਕੇ ’ਤੇ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ। ਚੋਣ ਮੁਲਤਵੀ ਕਰਨ ਦਾ ਵਿਰੋਧ ਕਰਦਿਆਂ ਕੌਂਸਲਰਾਂ ਅਜੈ ਪਰੋਚਾ, ਸੋਨੀਆ ਪਰੋਚਾ, ਨਰਪਿੰਦਰ ਗੋਰਾ, ਕੁਸ਼ੱਲਿਆ ਦੇਵੀ, ਸੁਖਵਿੰਦਰ ਕੌਰ, ਹਰੀ ਕ੍ਰਿਸ਼ਨ ਮਨੀ, ਸਰੋਜ ਰਾਣੀ, ਰਾਜੀਵ ਚੌਧਰੀ, ਚਰਨ ਦਾਸ, ਅਸ਼ਵਨੀ ਮਿੱਠੂ, ਮਹਾਂਵੀਰ ਸਿੰਘ ਫੌਜੀ ਅਤੇ ਦਲੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਸ.ਡੀ.ਐੱਮ ਧੂਰੀ ਵੱਲੋਂ ਬਕਾਇਦਾ ਚੋਣ ਸਬੰਧੀ ਏਜੰਡਾ ਭੇਜਿਆ ਗਿਆ ਸੀ ਪਰ ਮੀਟਿੰਗ ਦੇ ਸਮੇਂ ਅਨੁਸਾਰ ਪ੍ਰਸ਼ਾਸਨ ਦੇ ਅਧਿਕਾਰੀ ਦੇ ਨਾ ਆਉਣ ਕਾਰਨ ਮੀਟਿੰਗ ਮੁਲਤਵੀ ਹੋਣ ਦੀ ਸੂਚਨਾ ਦਿੱਤੀ ਗਈ। ਦੂਜੇ ਪਾਸੇ ਐੱਸ.ਡੀ.ਐੱਮ ਰਿਸ਼ਵ ਬਾਂਸਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੀਟਿੰਗ ਮੁਲਤਵੀ ਹੋਣ ਦੀ ਪੁਸ਼ਟੀ ਕੀਤੀ।