ਬਲਾਕ ਪੁਨਰਗਠਨ ਵਿਰੁੱਧ ਪੰਜ ਪਿੰਡਾਂ ਵਿੱਚ ਚੋਣਾਂ ਦਾ ਬਾਈਕਾਟ
ਪੰਚਾਇਤ ਵਿਭਾਗ ਵੱਲੋਂ ਤਿੰਨ ਮਹੀਨੇ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਕੁਝ ਬਲਾਕਾਂ ਦੇ ਪੁਨਰਗਠਨ ਦੌਰਾਨ 64 ਪਿੰਡਾਂ ਨੂੰ ਇੱਧਰ-ਉਧਰ ਕੀਤਾ ਹੈ। ਇਸ ਰੱਦੋ ਬਦਲ ਦਾ ਉਕਤ ਪਿੰਡਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤਹਿਤ ਅੱਜ ਦੋਦੜਾ ’ਚ ਇਕੱਠੇ ਹੋਏ ਪੰਜ ਪਿੰਡਾਂ ਦੇ ਲੋਕਾਂ ਨੇ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੇ ਬਾਈਕਾਟ ਦਾ ਐਲਾਨ ਵੀ ਕੀਤਾ। ਜ਼ਿਕਰਯੋਗ ਹੈ ਸਹਿਜਪੁਰ ਕਲਾਂ, ਸਹਿਜਪੁਰ ਖੁਰਦ, ਭੇਦਪੁਰੀ, ਕੋਟਲੀ ਅਤੇ ਦੋਦੜਾ ’ਤੇ ਆਧਾਰਿਤ ਇਹ ਅਜਿਹੇ ਪਿੰਡ ਹਨ ਜੋ ਸਮਾਣਾ ਦੇ ਨੇੜੇ ਹੋਣ ਦੇ ਬਾਵਜੂਦ ਤੋੜ ਕੇ ਪਾਤੜਾਂ ਬਲਾਕ ’ਚ ਪਾ ਦਿੱਤੇ ਗਏ ਹਨ। ਇਸ ਕਰਕੇ ਇਨ੍ਹਾਂ ਦੇ ਵਸਨੀਕ ਵਾਪਸ ਸਮਾਣਾ ਨਾਲ ਜੋੜਨ ਦੀ ਮੰਗ ’ਤੇ ਅੜੇ ਹੋਏ ਹਨ। ਉਨ੍ਹਾਂ ਕਹਿਣਾ ਹੈ ਕਿ ਪਾਤੜਾਂ ਉਨ੍ਹਾਂ ਨੂੰ ਦੂਰ ਪੈਂਦਾ ਹੈ। ਤਬਦੀਲੀ ਨਾ ਹੋਣ ਦੀ ਸੂਰਤ ’ਚ ਉਨ੍ਹਾਂ ਨੇ 14 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਦਾ ਬਾਈਕਾਟ ਐਲਾਨ ਕੀਤਾ ਹੈ। ਦੋਦੜਾ ਪਿੰਡ ਦੇ ਬਾਹਰ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਬਾਈਕਾਟ ਦੀ ਫਲੈਕਸ ਵੀ ਲਾ ਦਿੱਤੀ ਗਈ ਹੈ ਅਤੇ ਬਾਕੀ ਚਾਰੇ ਪਿੰਡਾਂ ਵੱਲੋਂ ਵੀ ਅਜਿਹੀਆਂ ਫਲੈਕਸ ਲਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪੰਚਾਇਤ ਵਿਭਾਗ ਪੰਜਾਬ ਨੇ 8 ਅਗਸਤ 2025 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਜ਼ਿਲ੍ਹਾ ਪਟਿਆਲਾ ਦੇ 64 ਪਿੰਡਾਂ ਦੀ ਬਲਾਕ ਬਦਲੀ ਕੀਤੀ ਸੀ। ਇਸ ਦੌਰਾਨ ਪਟਿਆਲਾ ਬਲਾਕ ਦੇ 17 ਪਿੰਡਾਂ ਨੂੰ ਇਸ ਤਰਕ ਤਹਿਤ ਪਟਿਆਲਾ ਨਾਲੋਂ ਤੋੜ ਕੇ ਸਮਾਣਾ ਬਲਾਕ ਨਾਲ ਜੋੜ ਦਿੱਤਾ ਗਿਆ ਕਿ ਇਹ ਸਮਾਣਾ ਵਿਧਾਨ ਸਭਾ ਹਲਕੇ ਦਾ ਹਿੱਸਾ ਹਨ ਪਰ ਇਹ ਪਿੰਡ ਪਟਿਆਲਾ ਦੀ ਬਜਾਏ ਸਮਾਣਾ ਨੇੜੇ ਪੈਂਦੇ ਹੋਣ ਕਰਕੇ ਲੋਕਾਂ ਨੇ ਬਹੁਤਾ ਰੌਲਾ ਨਹੀਂ ਪਾਇਆ। ਇਸ ਦੌਰਾਨ ਸਮਾਣਾ ਬਲਾਕ ’ਚ ਪੈਂਦੇ ਸ਼ੁਤਰਾਣਾ ਵਿਧਾਨ ਸਭਾ ਹਲਕੇ ਦੇ 47 ਪਿੰਡਾਂ ਨੂੰ ਸਮਾਣਾ ਨਾਲ਼ੋਂ ਤੋੜ ਕੇ ਪਾਤੜਾਂ ਬਲਾਕ ਵਿਚ ਪਾ ਦਿੱਤਾ ਗਿਆ ਹੈ। ਕਿਉਂਕਿ ਸ਼ੁਤਰਾਣਾ ਹਲਕੇ ਦੇ ਬਾਕੀ ਸਾਰੇ ਪਿੰਡ ਵੀ ਪਾਤੜਾਂ ਬਲਾਕ ਦਾ ਹੀ ਹਿੱਸਾ ਹਨ ਪਰ ਇਨ੍ਹਾਂ ਵਿਚੋਂ ਸਹਿਜਪੁਰ ਕਲਾਂ, ਸਹਿਜਪੁਰ ਖੁਰਦ, ਭੇਦਪੁਰੀ, ਕੋਟਲੀ ਅਤੇ ਦੋਦੜਾ ਅਜਿਹੇ ਹਨ ਜੋ ਸਮਾਣਾ ਦੇ ਬਹੁਤ ਨੇੜੇ ਹਨ ਤੇ ਪਾਤੜਾਂ ਉਥੋਂ ਕਾਫ਼ੀ ਦੂਰ ਪੈਂਦਾ ਹੈ। ਇਸ ਕਰਕੇ ਹੀ ਇਨ੍ਹਾਂ ਪਿੰਡਾਂ ਦੇ ਲੋਕਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਦੋਦੜਾ ਪਿੰਡ ਵਿਚ ਕੀਤੀ ਗਈ ਇਕੱਤਰਤਾ ਦੌਰਾਨ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੇ ਵਾਪਸ ਸਮਾਣਾ ਨਾਲ ਨਾ ਜੋੜਨ ’ਤੇ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ। ਇਸ ਸਬੰਧੀ ਉਨ੍ਹਾ ਨੇ ਪਿੰਡ ਦੇ ਬਾਹਰ ਫਲੈਕਸ ਵੀ ਲਾਈ ਹੈ ਤੇ ਬਾਕੀ ਪਿੰਡਾਂ ਵੱਲੋਂ ਵੀ ਫਲੈਕਸਾਂ ਲਾਈਆਂ ਜਾ ਰਹੀਆਂ ਹਨ। ਹਾਲਾਂਕਿ ਇਨ੍ਹਾਂ ਪਿੰਡਾਂ ਦੇ ਸਰਪੰਚ ਵੀ ‘ਆਪ’ ਨਾਲ ਸਬੰਧਤ ਹਨ ਪਰ ਇਸ ਮੱਦ ’ਤੇ ਇਨ੍ਹਾਂ ਪੰਜਾਂ ਪਿੰਡਾਂ ਦੇ ਲੋਕ ਇੱਕਮਤ ਹਨ। ਇਸ ਮੀਟਿੰਗ ਵਿੱਚ ਸਰਪੰਚ ਪਰਮਜੀਤ ਸਿੰਘ ਭੇਡਪੁਰੀ, ਸਰਪੰਚ ਚਰਨਜੀਤ ਸਿੰਘ ਸਹਿਜਪੁਰ ਕਲਾਂ, ਸਰਪੰਚ ਕੁਲਦੀਪ ਸਿੰਘ ਕੋਟਲੀ ਅਤੇ ਸਰਪੰਚ ਗੁਰਪ੍ਰੀਤ ਸਿੰਘ ਸਹਿਜਪੁਰ ਖੁਰਦ ਨੇ ਵੀ ਸ਼ਿਰਕਤ ਕੀਤੀ। ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਪੰਚਾਹਿਤ ਵਿਭਾਗ ਦੇ ਕੁਝ ਅਧਿਕਾਰੀਆਂ ਨੂੰ ਇਨ੍ਹਾਂ ਪਿੰਡਾਂ ਨਾਲ਼ ਤਾਲਮੇਲ ਕਰਨ ਦੀ ਤਾਕੀਦ ਕੀਤੀ ਹੈ।
