ਚੋਣ ਮਾਹੌਲ ‘ਆਪ’ ਦੇ ਪੱਖ ਵਿੱਚ: ਕੰਗ
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ‘ਆਪ’ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਅੱਜ ਮੁੱਖ ਮੰਤਰੀ ਦੇ ਹਲਕਾ ਧੂਰੀ ਵਿੱਚ ਜ਼ਿਲ੍ਹਾ ਪਰਿਸ਼ਦ ਜ਼ੋਨ ਮੀਮਸਾ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਲੋਕਾਂ ਦੇ ਝੁਕਾਅ ਤੋਂ ਸਪੱਸ਼ਟ ਹੈ ਕਿ ਮਾਹੌਲ ‘ਆਪ’ ਦੇ ਹੱਕ ਵਿੱਚ ਹੈ। ਪਿੰਡ ਧੂਰਾ, ਢਢੋਗਲ, ਈਸੜਾ ਅਤੇ ਭਸੌੜ ਵਿੱਚ ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ‘ਆਪ’ ਉਮੀਦਵਾਰਾਂ ਦਾ ਜਿੱਤਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਮੁੱਖ ਮੰਤਰੀ ਦੇ ਹਲਕੇ ਵਿੱਚ ਖੜ੍ਹੇ ਕਰਨ ਲਈ ਉਮੀਦਵਾਰ ਨਹੀਂ ਮਿਲੇ। ਗੱਲਬਾਤ ਦੌਰਾਨ ਉਨ੍ਹਾਂ ਬੀਬਾ ਸਿੱਧੂ ਵੱਲੋਂ ਲਗਾਏ ਇਲਜ਼ਾਮ ਬਹੁਤ ਗੰਭੀਰ ਹਨ ਜਿਸ ਮਗਰੋਂ ਪੰਜਾਬ ’ਚ ਕਾਂਗਰਸ ਪਾਰਟੀ ਦਾ ਰਹਿੰਦਾ ਵਜੂਦ ਵੀ ਖ਼ਤਮ ਹੋ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਦੇ ਓ ਐੱਸ ਡੀ ਸੁਖਵੀਰ ਸਿੰਘ ਸੁੱਖੀ, ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਡਾ. ਅਨਵਰ ਭਸੌੜ, ਟਰੱਕ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਜਵੰਧਾ ਆਦਿ ਵੀ ਹਾਜ਼ਰ ਸਨ।
ਉਧਰ, ਹਲਕਾ ਧੂਰੀ ਦੇ ਜ਼ਿਲ੍ਹਾ ਪਰਿਸ਼ਦ ਜ਼ੋਨ ਬਾਲੀਆ ਤੋਂ ਠੇਕੇਦਾਰ ਹਰਜਿੰਦਰ ਸਿੰਘ ਨੇ ਆਖਰੀ ਹੰਭਲਾ ਮਾਰਦਿਆਂ ਪਿੰਡ ਲੱਡਾ ਤੋਂ ਰੋਡ ਸ਼ੋਅ ਸ਼ੁਰੂ ਕੀਤਾ ਜੋ ਜ਼ੋਨ ਦੇ ਡੇਢ ਦਰਜਨ ਤੋਂ ਵੱਧ ਪਿੰਡਾਂ ਵਿੱਚ ਪਹੁੰਚਿਆ। ਇਸੇ ਤਰ੍ਹਾਂ ਹਲਕੇ ਦੇ ਤੀਜੇ ਜ਼ਿਲ੍ਹਾ ਪਰਿਸ਼ਦ ਜ਼ੋਨ ਘਨੌਰੀ ਕਲਾਂ ਤੋਂ ਜਸਮੀਤ ਕੌਰ ਚਹਿਲ ਨੇ ਆਪਣਾ ਰੋਡ ਸ਼ੋਅ ਸੈਂਕੜੇ ਗੱਡੀਆਂ ਦਾ ਵੱਡਾ ਕਾਫ਼ਲਾ ਪਿੰਡ ਘਨੌਰੀ ਕਲਾਂ ਤੋਂ ਸ਼ੁਰੂ ਕੀਤਾ ਜੋ ਪਿੰਡ ਜਹਾਂਗੀਰ ਪਹੁੰਚ ਕੇ ਸਮਾਪਤ ਹੋਇਆ। ਰੋਡ ਸ਼ੋਅ ਦੌਰਾਨ ਖਾਸ਼ ਤੌਰ ਤੇ ਬਲਾਕ ਪੰਚਾਇਤ ਯੂਨੀਅਨ ਦੇ ਆਗੂ ਸਰਪੰਚ ਅਮ੍ਰਿਤਪਾਲ ਸਿੰਘ ਘਨੌਰੀ ਕਲਾਂ, ਸਾਬਕਾ ਸਮਿਤੀ ਮੈਂਬਰ ਗੁਰਮੇਲ ਸਿੰਘ ਘਨੌਰੀ ਅਤੇ ਮਾਸਟਰ ਕੁਲਵੰਤ ਸਿੰਘ ਆਦਿ ਵੀ ਹਾਜ਼ਰ ਸਨ।
