‘ਆਪ’ ਛੱਡ ਚੁੱਕੇ ਕੌਸਲਰਾਂ ਨੂੰ ਮਨਾਉਣ ਦੇ ਯਤਨ
ਸੰਗਰੂਰ ਨਗਰ ਕੌਂਸਲ ਵਿੱਚ ਸੱਤਾ ਦੇ ਡੋਲ ਰਹੇ ਸਿੰਘਾਸਨ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਭਾਵੇਂ ਪਾਰਟੀ ਛੱਡਣ ਵਾਲੇ 8 ਕੌਂਸਲਰਾਂ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰੰਤੂ 8 ਕੌਂਸਲਰਾਂ ਦਾ ਸਪੱਸ਼ਟ ਰੂਪ ਵਿਚ ਕਹਿਣਾ ਹੈ ਕਿ ਪਹਿਲਾਂ ਨਗਰ ਕੌਂਸਲ ਪ੍ਰਧਾਨ ਤੋਂ ਅਸਤੀਫ਼ਾ ਲੈ ਕੇ ਅਹੁਦੇ ਤੋਂ ਲਾਂਭੇ ਕੀਤਾ ਜਾਵੇ।
ਪਿਛਲੇ ਦੋ ਦਿਨਾਂ ਦੌਰਾਨ ਵਾਪਰੇ ਮੌਜੂਦਾ ਸਿਆਸੀ ਘਟਨਾਕ੍ਰਮ ਤੋਂ ਬਾਅਦ ਜਿਥੇ ਸੱਤਾਧਾਰੀ ਪਾਰਟੀ ਨੂੰ ਅਲਵਿਦਾ ਕਹਿਣ ਵਾਲੇ 8 ਕੌਂਸਲਰਾਂ ਅਤੇ 2 ਆਜ਼ਾਦ ਕੌਂਸਲਰਾਂ ਦੇ ਇੱਕ ਗਰੁੱਪ ਵਲੋਂ ਅਗਲੀ ਰਣਨੀਤੀ ਬਣਾਉਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਅਗਲੇ ਸਿਆਸੀ ਕਦਮ ਬਾਰੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਉੱਧਰ ਦੂਜੇ ਪਾਸੇ ਪਾਰਟੀ ਦੇ ਵੱਖ-ਵੱਖ ਆਗੂਆਂ ਵਲੋਂ ਇਨ੍ਹਾਂ ਕੌਂਸਲਰਾਂ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਕੱਲੇ ਇਕੱਲੇ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ। ਕਈ ਕੌਂਸਲਰਾਂ ਨੇ ਦੱਸਿਆ ਕਿ ਭਾਵੇਂ ਮਨਾਉਣ ਦੇ ਯਤਨ ਹੋ ਰਹੇ ਹਨ ਪਰ ਉਹ ਉਨ੍ਹਾਂ ਸਾਰੇ ਆਗੂਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਨਗਰ ਕੌਂਸਲ ਪ੍ਰਧਾਨ ਨੂੰ ਅਹੁਦੇ ਤੋਂ ਲਾਂਭੇ ਕਰਨ ਤੋਂ ਬਿਨਾਂ ਗੱਲ ਅੱਗੇ ਨਹੀਂ ਵਧ ਸਕਦੀ। ਇਸ ਮਾਮਲੇ ’ਚ ਪਾਰਟੀ ਦੇ ਕਿਸੇ ਵੀ ਆਗੂ ਦਾ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ। ਉਧਰ ਕਾਂਗਰਸ ਪਾਰਟੀ ਦੇ 9 ਕੌਂਸਲਰਾਂ ਨੇ ਵਾਪਰ ਰਹੇ ਸਿਆਸੀ ਘਟਨਾਕ੍ਰਮ ਉਪਰ ਤਿਰਛੀ ਨਜ਼ਰ ਰੱਖੀ ਹੋਈ ਹੈ। ਇਕ ਕਾਂਗਰਸੀ ਕੌਂਸਲਰ ਨੱਥੂ ਲਾਲ ਢੀਂਗਰਾ ਦਾ ਕਹਿਣਾ ਹੈ ਕਿ ਇਹ ਸੱਤਾਧਾਰੀ ਪਾਰਟੀ ਦੇ ਕੌਂਸਲਰਾਂ ਦੀ ਆਪਸੀ ਧੜੇਬੰਦੀ ਹੈ ਜਿਸ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਹਾਲੇ ਤੱਕ ਦੋਵੇਂ ਧੜਿਆਂ ’ਚੋਂ ਸਾਡੇ ਨਾਲ ਕਿਸੇ ਨੇ ਕੋਈ ਰਾਬਤ ਨਹੀਂ ਕੀਤਾ। ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਵਾਲੇ 8 ਕੌਂਸਲਰ ਅਤੇ ਕੌਂਸਲ ਪ੍ਰਧਾਨ ਤੋਂ ਹਮਾਇਤ ਵਾਪਸ ਲੈਣ ਵਾਲੇ 2 ਆਜ਼ਾਦ ਕੌਂਸਲਰ ਅੱਜ ਡਿਪਟੀ ਕਮਿਸ਼ਨਰ ਨੂੰ ਮਿਲੇ ਅਤੇ ਸ਼ਹਿਰ ਵਿੱਚ ਵਿਕਾਸ ਨਾ ਹੋਣ ਕਾਰਨ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਲਿਖਤੀ ਰੂਪ ਵਿਚ ਮੰਗ ਪੱਤਰ ਵੀ ਸੌਂਪਿਆ ਗਿਆ। ਕੌਂਸਲਰਾਂ ’ਚ ਪਰਮਿੰਦਰ ਸਿੰਘ ਪਿੰਕੀ, ਜਗਜੀਤ ਸਿੰਘ ਕਾਲਾ, ਅਵਤਾਰ ਸਿੰਘ ਤਾਰਾ, ਗੁਰਪ੍ਰੀਤ ਸਿੰਘ ਸੇਖੋਂ, ਪ੍ਰਦੀਪ ਪੁਰੀ, ਮਹਿਲਾ ਕੌਂਸਲਰ ਗੁਰਦੀਪ ਕੌਰ ਦੇ ਪਤੀ ਹਰਬੰਸ ਲਾਲ, ਮਹਿਲਾ ਕੌਂਸਲਰ ਪ੍ਰੀਤ ਜੈਨ ਦੇ ਪਤੀ ਵਿਨੈ ਪਾਲ ਅਤੇ ਮਹਿਲਾ ਕੌਂਸਲਰ ਜਸਵੀਰ ਕੌਰ ਦੇ ਪਤੀ ਰਿਪੁਦਮਨ ਸਿੰਘ ਢਿੱਲੋਂ ਸ਼ਾਮਲ ਸਨ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੇ ਵਿਕਾਸ ਕਾਰਜ ਕਰਵਾਏ ਜਾਣ ਤਾਂ ਜੋ ਹਰ ਪੱਖੋਂ ਬਦਤਰ ਹੋਏ ਹਾਲਾਤਾਂ ਤੋਂ ਸ਼ਹਿਰ ਦੇ ਲੋਕਾਂ ਨੂੰ ਰਾਹਤ ਮਿਲ ਸਕੇ।