ਸਕੂਲਾਂ ’ਚ ਉਤਸ਼ਾਹ ਨਾਲ ਦਸਹਿਰਾ ਮਨਾਇਆ
ਇੱਥੋਂ ਦੇ ਬਾਬੂ ਬ੍ਰਿਸ਼ ਭਾਨ ਡੀ ਏ ਵੀ ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਸੰਜੀਵ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਦਸਹਿਰਾ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਦੇ ਗਰਾਊਂਡ ਵਿੱਚ ਰਾਵਣ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਾਰੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਹਨ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਇਹ ਤਿਉਹਾਰ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਇਸ ਦਿਨ ਭਗਵਾਨ ਰਾਮ ਚੰਦਰ ਨੇ ਰਾਵਣ ਨੂੰ ਮਾਰ ਕੇ ਜਿੱਤ ਪ੍ਰਾਪਤ ਕੀਤੀ ਸੀ। ਅੰਤ ਵਿੱਚ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸਾਰੇ ਤਿਉਹਾਰ ਰਲ-ਮਿਲ ਕੇ ਮਨਾਉਣ ਲਈ ਪ੍ਰੇਰਿਤ ਕੀਤਾ।
ਦੇਵੀਗੜ੍ਹ (ਪੱਤਰ ਪ੍ਰੇਰਕ): ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫਕੀਰਾਂ ਵਿੱਚ ਦਸਹਿਰਾ ਅਤੇ ਗਾਂਧੀ ਜੈਅੰਤੀ ਉਤਸ਼ਾਹ ਨਾਲ ਮਨਾਈ ਗਈ। ਕਵਿਤਾ, ਭਾਸ਼ਣ ਅਤੇ ਨਾਟਕਾਂ ਰਾਹੀਂ ਵਿਦਿਆਰਥੀਆਂ ਨੇ ਦੱਸਿਆ ਕਿ ਗਾਂਧੀ ਦੇ ਵਿਚਾਰ ਅੱਜ ਵੀ ਨੌਜਵਾਨੀ ਲਈ ਰਾਹ-ਦਰਸ਼ਨ ਹਨ। ਦੁਸਹਿਰੇ ਮੌਕੇ ਬੱਚਿਆਂ ਵੱਲੋਂ ਰਾਮਲੀਲਾ ਪੇਸ਼ ਕੀਤੀ ਗਈ। ਉਪਰੰਤ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਗਏ। ਸਕੂਲ ਮੈਨੇਜਿੰਗ ਡਾਇਰੈਕਟਰ ਸੰਤੋਖ ਸਿੰਘ ਨੇ ਕਿਹਾ ਕਿ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਅੰਤ ਵਿੱਚ ਸਕੂਲ ਪ੍ਰਿੰਸੀਪਲ ਨਵਤੇਜ ਸਿੰਘ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਦਸਹਿਰੇ ਅਤੇ ਗਾਂਧੀ ਜੈਅੰਤੀ ਦੀ ਵਿਧਾਈ ਦਿੱਤੀ।
ਇਸੇ ਤਰ੍ਹਾਂ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫਗਾਨਾ ਵਿੱਚ ਦਸਹਿਰਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਰਾਮਲੀਲਾ ਪੇਸ਼ ਕੀਤੀ। ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਮੀਨਾਕਸ਼ੀ ਸੂਦ ਨੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ।
ਦਸਹਿਰੇ ਦੀਆਂ ਤਿਆਰੀਆਂ ਮੁਕੰਮਲ
ਸ਼ੇਰਪੁਰ (ਪੱਤਰ ਪ੍ਰੇਰਕ): ਜਨ ਸਹਾਰਾ ਵੈੱਲਫੇਅਰ ਕਲੱਬ ਸ਼ੇਰਪੁਰ ਨੇ ਅਨਾਜ ਮੰਡੀ ਸ਼ੇਰਪੁਰ ਵਿੱਚ ਕਰਵਾਏ ਜਾ ਰਹੇ ਦਸਹਿਰੇ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ ਕੀਤਾ ਹੈ। ਕਲੱਬ ਦੇ ਸੀਨੀਅਰ ਆਗੂ ਸੁਸ਼ੀਲ ਗੋਇਲ ਅਤੇ ਚੇਤਨ ਗੋਇਲ ਨੇ ਦੱਸਿਆ ਕਿ ਦੁਸਹਰੇ ਮੇਲੇ ਦਾ ਪ੍ਰੋਗਰਾਮ ਵਿਧੀ ਪੂਰਵਕ ਪੂਜਾ ਅਰਚਨਾ ਕਰਕੇ ਦੁਪਹਿਰ 1 ਵਜੇ ਸ਼ੁਰੂ ਕੀਤਾ ਜਾਵੇਗਾ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਬਰਿੰਦਰ ਗੋਇਲ, ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਆਈਏਐੱਸ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਤੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਆਦਿ ਪੁੱਜਣਗੇ।