ਨਸ਼ਾ ਤਸਕਰ ਗਰੋਹ ਦਾ ਪਰਦਾਫ਼ਾਸ਼, ਤਿੰਨ ਕਾਬੂ
ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਜੁਲਾਈ
ਜ਼ਿਲ੍ਹਾ ਪੁਲੀਸ ਨੇ ਜੇਲ੍ਹ ਦੇ ਅੰਦਰੋਂ ਤੇ ਬਾਹਰੋਂ ਨਸ਼ਾ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ 1.625 ਕਿਲੋ ਹੈਰੋਇਨ, ਪੰਜ ਪਿਸਤੌਲ, ਕਾਰਤੂਸ ਅਤੇ 12 ਮੋਬਾਈਲ ਫੋਨ ਬਰਾਮਦ ਕੀਤੇ ਹਨ। ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਥਾਣਾ ਸਦਰ ਧੂਰੀ ਵਿੱਚ 125 ਗ੍ਰਾਮ ਹੈਰੋਇਨ, 1 ਪਿਸਤੌਲ, ਸੱਤ ਕਾਰਤੂਸ ਤੇ ਚਾਰ ਮੋਬਾਈਲ ਬਰਾਮਦ ਹੋਣ ’ਤੇ ਨਿਗਮ ਉਰਫ਼ ਲੱਕੀ ਤੇ ਗੁਰਪ੍ਰੀਤ ਸਿੰਘ ਵਾਸੀ ਸੰਗਰੂਰ ਸਣੇ ਤਿੰਨ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਪਰ ਮੁਲਜ਼ਮ ਫ਼ਰਾਰ ਹੋ ਗਏ ਸਨ। ਐੱਸਪੀ ਦਵਿੰਦਰ ਅੱਤਰੀ ਤੇ ਡੀਐੱਸਪੀ ਦਲਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਇੰਚਾਰਜ ਸੀਆਈਏ ਬਹਾਦਰ ਸਿੰਘ ਵਾਲਾ ਇੰਸਪੈਕਟਰ ਸੰਦੀਪ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਸਦਰ ਧੂਰੀ ਇੰਸਪੈਕਟਰ ਕਰਨਵੀਰ ਸਿੰਘ ਸਣੇ ਟੀਮਾਂ ਬਣਾ ਕੇ ਮੁਲਜ਼ਮ ਨਿਗਮ (ਜੋ ਥਾਣਾ ਸਿਟੀ ਸੰਗਰੂਰ ਵਿੱਚ ਦਰਜ ਇੱਕ ਹੋਰ ਕੇਸ ’ਚ ਗ੍ਰਿਫ਼ਤਾਰ ਹੋਣ ’ਤੇ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਸੀ) ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੜਤਾਲ ਕੀਤੀ ਗਈ। ਇਸ ਦੇ ਆਧਾਰ ’ਤੇ ਜਸਪਾਲ ਸਿੰਘ ਵਾਸੀ ਸੰਗਰੂਰ ਨੂੰ ਕੇਸ ਵਿੱਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ। ਉਸ ਤੋਂ ਪੜਤਾਲ ਮਗਰੋਂ ਸਤਨਾਮ ਸਿੰਘ ਵਾਸੀ ਪੂਹਲਾ ਥਾਣਾ ਭਿੱਖੀਵਿੰਡ ਜੋ ਸੰਗਰੂਰ ਜੇਲ੍ਹ ’ਚ ਬੰਦ ਸੀ, ਨੂੰ ਕੇਸ ਵਿੱਚ ਨਾਮਜ਼ਦ ਕਰ ਕੇ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਉਸ ਪਾਸੋਂ ਸੰਗਰੂਰ ਜੇਲ੍ਹ ’ਚ ਸਪਲਾਈ ਕੀਤੇ ਅੱਠ ਮੋਬਾਈਲ ਬਰਾਮਦ ਕੀਤੇ ਗਏ। ਐੱਸਐੱਸਪੀ ਨੇ ਦੱਸਿਆ ਕਿ ਜਸਪਾਲ ਸਿੰਘ ਤੋਂ ਹੋਰ ਪੜਤਾਲ ਮਗਰੋਂ 1.5 ਕਿਲੋ ਹੈਰੋਇਨ, ਦੋ ਪਿਸਤੌਲ, ਛੇ ਕਾਰਤੂਸ ਬਰਾਮਦ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਗੁਰਪ੍ਰੀਤ ਸਿੰਘ ਉਰਫ਼ ਭੈਰੋਂ ਦੀ ਗ੍ਰਿਫ਼ਤਾਰੀ ਬਾਕੀ ਹੈ।