ਨਸ਼ਾ ਵਿਕਰੀ: ਐੱਸ ਐੱਮ ਓ ਅਤੇ ਨਸ਼ਾ ਰੋਕੂ ਕਮੇਟੀ ਦੇ ਆਗੂਆਂ ਦੀ ਮੀਟਿੰਗ
ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਅੰਦਰ ਨਸ਼ਿਆਂ ਦੀ ਵਿਕਰੀ ਦਾ ਭਖਿਆ ਮਾਮਲਾ ਠੰਢਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਅੱਜ ਤਾਜ਼ਾ ਘਟਨਾਕ੍ਰਮ ਦੇ ਮੱਦੇਨਜ਼ਰ ਐੱਸ ਐੱਮ ਓ ਸ਼ੇਰਪੁਰ ਡਾ. ਜਸਦੀਪ ਸਿੰਘ ਨੇ ਨਸ਼ਾ ਰੋਕੂ ਕਮੇਟੀ ਦੇ ਮੈਂਬਰਾਨ ਨਾਲ ਮੀਟਿੰਗ ਕਰ ਕੇ ਟੀਮ ਵਰਕ ਨਾਲ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਆਉਣ ਦਾ ਸੁਝਾਅ ਰੱਖਿਆ। ਮੀਟਿੰਗ ਵਿੱਚ ਸਿਹਤ ਵਿਭਾਗ ਦੇ ਬੀਈਈ ਤਰਸੇਮ ਹੰਢਿਆਇਆ, ਇੰਸਪੈਕਟਰ ਰਾਜਵੀਰ ਸਿੰਘ, ਨਸ਼ਾ ਰੋਕੂ ਕਮੇਟੀ ਵੱਲੋਂ ਬਲਵਿੰਦਰ ਬਿੰਦਾ ਅਤੇ ਬੌਬੀ ਚੀਮਾ ਹਾਜ਼ਰ ਸਨ।
ਨਸ਼ਾ ਰੋਕੂ ਕਮੇਟੀ ਦੇ ਕਨਵੀਨਰ ਬਲਵਿੰਦਰ ਸਿੰਘ ਬਿੰਦਾ ਨੇ ਦੱਸਿਆ ਕਿ ਓਟ ਸੈਂਟਰ ’ਚੋ ਜੋ ਵਿਅਕਤੀ ਜੀਭ ਹੇਠ ਰੱਖਣ ਵਾਲੀ ਗੋਲੀ ਲੈਣ ਆਉਂਦੇ ਹਨ, ਉਨ੍ਹਾਂ ਵਿੱਚੋਂ ਕੁੱਝ ਅਜਿਹੇ ਹਨ ਜੋ ਗੋਲੀ ਖ਼ੁਦ ਨਹੀਂ ਖਾਂਦੇ ਅਤੇ ਉਹ ਗੋਲੀਆਂ ਅੱਗੇ ਵੇਚਦੇ ਹਨ ਅਤੇ ਕੁੱਝ ਹੋਰਨਾ ਦੇ ਆਧਾਰ ਕਾਰਡ ਲਿਆ ਕੇ ਗੋਲੀਆਂ ਲੈ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਜੋ ਗੋਲੀਆਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਮੌਕੇ ’ਤੇ ਖੁਆ ਕੇ ਮਸਲੇ ਦਾ ਹੱਲ ਹੋ ਸਕਦਾ ਹੈ। ਉਨ੍ਹਾਂ ਹੋਰ ਕਈ ਸੁਝਾਅ ਵੀ ਦਿੱਤੇ।
ਐੱਸਐੱਮਓ ਵੱਲੋਂ ਹਫ਼ਤੇ ’ਚ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ
ਐੱਸ ਐੱਮ ਓ ਨੇ ਨਸ਼ਾ ਰੋਕੂ ਕਮੇਟੀ ਨੂੰ ਹਫ਼ਤੇ ਅੰਦਰ ਸਾਰੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੰਦਿਆਂ ਦੱਸਿਆ ਕਿ ਉਹ ਸੀਸੀਟੀਵੀ ਕੈਮਰੇ ਲਗਵਾਉਣਗੇ ਤਾਂ ਕਿ ਹਸਪਤਾਲ ਦੀ ਹਦੂਰ ਅੰਦਰ ਨਿਗਰਾਨੀ ਰੱਖੀ ਜਾ ਸਕੇ। ਉਨ੍ਹਾਂ ਐਸਐਚਓ ਸ਼ੇਰਪੁਰ ਨੂੰ ਪੱਤਰ ਲਿਖ ਕੇ ਸ਼ੇਰਪੁਰ ਹਸਪਤਾਲ ’ਚ ਦੋ ਮੁਲਾਜ਼ਮ ਪੱਕੇ ਤੌਰ ਤੇ ਲਗਾਉਣ ਸਬੰਧੀ ਰੱਖੀ ਮੰਗ ਦਾ ਖੁਲਾਸਾ ਵੀ ਕੀਤਾ।
ਓਟ ਸੈਂਟਰ ਦੀ ਮਹਿਲਾ ਮੁਲਾਜ਼ਮ ਨਾਲ ਦੁਰ-ਵਿਹਾਰ
ਸ਼ੇਰਪੁਰ ਹਸਪਤਾਲ ਦੇ ਓਟ ਸੈਂਟਰ ਵਿੱਚ ਆਧਾਰ ਕਾਰਡ ਵਾਲੇ ਨੂੰ ਹੀ ਦਵਾਈ ਦੇਣ ਦੇ ਮਾਮਲੇ ’ਤੇ ਇੱਕ ਵਿੱਕਤੀ ਵੱਲੋਂ ਮਹਿਲਾ ਮੁਲਾਜ਼ਮ ਨਾਲ ਕਥਿਤ ਦੁਰ-ਵਿਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਸਬੰਧਤ ਵਿਅਕਤੀ ਕਿਸੇ ਹੋਰ ਦੇ ਆਧਾਰ ਕਾਰਡ ’ਤੇ ਦਵਾਈ ਲੈਣਾ ਚਾਹੁੰਦਾ ਸੀ ਪਰ ਮਹਿਲਾ ਮੁਲਾਜ਼ਮ ਨੇ ਉਸਨੂੰ ਆਧਾਰ ਕਾਰਡ ਵਾਲਾ ਵਿਅਕਤੀ ਨਾਲ ਲਿਆਉਣ ਲਈ ਕਹਿ ਦਿੱਤਾ ਸੀ। ਸ਼ੇਰਪੁਰ ਪੁਲੀਸ ਨੇ ਦੋ ਮੁਲਾਜ਼ਮਾਂ ਦੀ ਪੱਕੀ ਨਿਯੁਕਤੀ ਸਬੰਧੀ ਮਿਲੇ ਪੱਤਰ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਮਹਿਲਾ ਮੁਲਾਜ਼ਮ ਨਾਲ ਦੁਰਵਿਵਹਾਰ ਦੀ ਸ਼ਿਕਾਇਤ ਧਿਆਨ ਵਿੱਚ ਨਾ ਹੋਣ ਦਾ ਖੁਲਾਸਾ ਕੀਤਾ।
