ਚਾਰ ਮਹੀਨੇ ਪਹਿਲਾਂ ਬਣਿਆ ਡਰੇਨ ਦਾ ਪੁਲ ਦਬਿਆ
ਪਿੰਡ ਵਾਸੀਆਂ ਵੱਲੋਂ ਮਾਮਲੇ ਦੀ ਜਾਂਚ ਦੀ ਮੰਗ
Advertisement
ਪਿੰਡ ਦੁੱਗਾਂ ਤੋਂ ਕਿਲਾ ਭਰੀਆਂ ਨੂੰ ਜਾਣ ਵਾਲੇ ਰਸਤੇ ’ਤੇ ਬਣਿਆ ਡਰੇਨ ਨਾਲੇ ਦਾ ਪੁਲ ਦੋਵਾਂ ਪਾਸਿਆਂ ਤੋਂ ਦਬਣ ਕਾਰਨ ਲੋਕਾਂ ਦੇ ਮਨਾਂ ਵਿੱਚ ਡਰ ਹੈ। ਲੋਕਾਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਿੰਡ ਦੁੱਗਾਂ ਦੇ ਸਾਬਕਾ ਸਰਪੰਚ ਦਲਵੀਰ ਸਿੰਘ, ਚਰਨ ਸਿੰਘ, ਹਰਜੋਤ ਸਿੰਘ, ਪ੍ਰਗਟ ਸਿੰਘ, ਨਿਰਮਲ ਸਿੰਘ, ਗੁਰਤੇਜ ਸਿੰਘ, ਜਸਪਾਲ ਸਿੰਘ, ਦਿਆਲ ਸਿੰਘ, ਸੁਖਦੇਵ ਸਿੰਘ ਦੁੱਗਾਂ ਅਤੇ ਹੋਰ ਨੇੜਲੇ ਪਿੰਡਾਂ ਦੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਡਰੇਨ ਦੇ ਪੁਲ ਦੀ ਉਸਾਰੀ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਬਾਬੂ ਅਮਨ ਅਰੋੜਾ ਵੱਲੋਂ 1 ਜਨਵਰੀ 2025 ਨੂੰ ਕੀਤਾ ਗਿਆ ਸੀ ਅਤੇ ਅਪਰੈਲ-ਮਈ ਦੇ ਅਖੀਰ ਵਿੱਚ ਇਹ ਬਣ ਕੇ ਤਿਆਰ ਹੋਇਆ ਸੀ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਦਘਾਟਨੀ ਨੀਂਹ ਪੱਥਰ ’ਤੇ ਲਿਖਣ ਮੁਤਾਬਕ ਬਹਾਦਰ ਸਿੰਘ ਵਾਲਾ ਡਰੇਨ ਦੀ ਬੁਰਜੀ 119000 ਉੱਤੇ ਬਣਨ ਵਾਲੇ ਪੁੱਲ ਦੀ ਉਸਾਰੀ ਤੇ 1.57 ਕਰੋੜ ਰੁਪਏ ਖਰਚ ਆਏ ਹਨ। ਉਨ੍ਹਾਂ ਦੱਸਿਆ ਕਿ ਡੇਢ ਦੋ ਮਹੀਨੇ ਦੇ ਕਰੀਬ ਪਹਿਲਾਂ ਇਹ ਪੁਲ ਇੱਕ ਪਾਸਿਓਂ ਦੱਬ ਗਿਆ ਸੀ ਜਿੱਥੇ ਪਿੰਡ ਵਾਸੀਆਂ ਨੇ ਪੈਸੇ ਇਕੱਠੇ ਕਰ ਕੇ ਸੀਮਿੰਟ-ਬਜਰੀ ਲਾ ਕੇ ਪਾਇਆ ਗਿਆ ਅਤੇ ਹੁਣ ਬਰਸਾਤ ਦੇ ਮੌਸਮ ਦੇ ਵਿੱਚ ਪੁਲ ਦੇ ਸੈਂਟਰ ਵਿੱਚ ਤੇੜਾਂ ਆ ਗਈਆਂ ਹਨ ਉੱਥੇ ਦੋਵਾਂ ਪਾਸਿਆਂ ਤੋਂ ਕਾਫੀ ਦਬ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਪੁਲ ਉੱਤੋਂ ਜਿੱਥੇ ਸਕੂਲੀ ਬੱਸਾਂ ਅਤੇ ਸਵਾਰੀਆਂ ਵਾਲੀਆਂ ਪ੍ਰਾਈਵੇਟ ਬੱਸਾਂ ਚੱਲਦੀਆਂ ਹਨ, ਉੱਥੇ ਲੋਕਾਂ ਨੂੰ ਗੱਡੀਆਂ ਅਤੇ ਟਰੈਕਟਰ ਟਰਾਲੀਆਂ ਰਾਹੀਂ ਇੱਧਰ-ਉੱਧਰ ਜਾਣਾ ਪੈਂਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਪੁਲ ਦੇ ਆਲੇ-ਦੁਆਲੇ 15-15 ਫੁੱਟ ਦੇ ਕਰੀਬ ਮਿੱਟੀ ਘੱਟ ਹੋਣ ਕਾਰਨ ਇਹ ਪੁਲ ਦੋਨਾਂ ਸਾਈਡਾਂ ਤੋਂ ਦਬਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਇੱਥੇ ਵੱਡਾ ਹਾਦਸਾ ਵਾਪਰ ਸਕਦਾ ਹੈ।
ਫੋਟੋ ਕੈਪਸਨ -ਪੁਲ ਦਬਣ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ।
Advertisement
Advertisement