ਮੀਂਹ ਕਾਰਨ ਤਿੰਨ ਪਿੰਡਾਂ ਵਿੱਚ ਦਰਜਨਾਂ ਮਕਾਨਾਂ ਦਾ ਨੁਕਸਾਨ
ਪੰਜਾਬ ਅੰਦਰ ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਏ ਹੋਏ ਹਨ ਉੱਥੇ ਇਸ ਦਾ ਦਾ ਅਸਰ ਧੂਰੀ ਦੇ ਪਿੰਡਾਂ ਵਿੱਚ ਵੇਖਣ ਨੂੰ ਮਿਲਿਆ ਹੈ। ਧੂਰੀ ਦੇ ਨਾਲ ਲੱਗਦੇ ਪਿੰਡ ਕਾਂਝਲਾ, ਭੱਦਲਵੜ, ਭੁੱਲਰਹੇੜੀ ਵਿੱਚ ਦਰਜਨਾਂ ਘਰ ਨੁਕਸਾਨੇ ਗਏ ਹਨ। ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਨੂੰ ਸਹਾਰੇ ਦੇ ਕੇ ਖੜਾਇਆ ਹੋਇਆ ਹੈ।
ਇਨ੍ਹਾਂ ਪਰਿਵਾਰਾਂ ਕੋਲ ਹੁਣ ਤੱਕ ਕਿਸੇ ਵੀ ਗੈਰ ਸਰਕਾਰੀ ਸੰਸਥਾ ਜਾਂ ਰਾਜਨੀਤਕ ਆਗੂ ਨੇ ਮਦਦ ਲਈ ਹੱਥ ਅੱਗੇ ਨਹੀਂ ਵਧਾਇਆ। ਹਾਲਾਂਕਿ, ਕਾਂਗਰਸ ਪਾਰਟੀ ਦੇ ਸੈਕਟਰੀ ਅੰਮ੍ਰਿਤ ਬਰਾੜ ਕਾਂਝਲਾ ਨੇ ਇਨ੍ਹਾਂ ਜ਼ਰੂਰਤਮੰਦ ਪਰਿਵਾਰਾਂ ਲਈ ਜ਼ਰੂਰ ਅੱਗੇ ਆਏ ਹਨ। ਉਨ੍ਹਾਂ ਪੀੜਤਾਂ ਦੀ ਮਦਦ ਲਈ ਧੂਰੀ ਦੇ ਐਸ ਡੀ ਐਮ ਸੌਰਭ ਕੁਮਾਰ ਬਾਂਸਲ ਨੂੰ ਮੰਗ ਪੱਤਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤ ਬਰਾੜ ਕਾਂਝਲਾ ਨੇ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਨ੍ਹਾਂ ਪਰਿਵਾਰਾ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਪਿੰਡ ਭੱਦਲਵੜ, ਭੁੱਲਰਹੇੜੀ ਕਾਂਝਲਾ ਤੋਂ ਇਲਾਵਾ ਹਲਕੇ ਦੇ ਹੋਰ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡ ਵਿੱਚ ਵੀ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਸ ਡੀ ਐਮ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਗੱਲਬਾਤ ਕਰਨਗੇ ਮਗਰੋਂ ਇਨ੍ਹਾਂ ਪੀੜਤ ਪਰਿਵਾਰਾਂ ਤੋਂ ਇਲਾਵਾ ਹੋਰ ਜ਼ਰੂਰਤਮੰਦ ਪਰਿਵਾਰਾਂ ਦੀ ਵੀ ਸਾਰ ਲਈ ਜਾਵੇਗੀ। ਉਨ੍ਹਾਂ ਆਪਣੇ ਹੇਠਲੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਪਿੰਡਾਂ ਅੰਦਰ ਇਸ ਤਰ੍ਹਾਂ ਦੀਆਂ ਸਮੱਸਿਆਂਵਾ ਦੇ ਅੰਕੜੇ ਇਕੱਠੇ ਕੀਤੇ ਜਾਣ।
ਬੰਗਾਂਵਾਲੀ ਵਿੱਚ ਕਈ ਮਕਾਨ ਡਿੱਗੇ
ਧੂਰੀ (ਪਵਨ ਕੁਮਾਰ ਵਰਮਾ): ਨੇੜਲੇ ਪਿੰਡ ਬੰਗਾਂਵਾਲੀ ਦੇ ਸਰਪੰਚ ਹਰਵਿੰਦਰ ਸਿੰਘ ਨੇ ਬਿਆਨ ਰਾਹੀਂ ਦੱਸਿਆ ਕਿ ਭਾਰੀ ਮੀਂਹ ਕਾਰਨ ਮਜ਼ਦੂਰਾਂ ਦੇ ਸੱਤ ਮਕਾਨਾਂ ਦੀਆਂ ਛੱਤਾਂ ਡਿੱਗ ਗਈਆਂ ਅਤੇ ਘਰੇਲੂ ਵਰਤੋਂ ਦਾ ਸਾਰਾ ਸਾਮਾਨ ਨੁਕਸਾਨਿਆਂ ਗਿਆ ਹੈ। ਇਹ ਮਕਾਨ ਰਹਿਣ ਯੋਗ ਨਹੀਂ ਰਹੇ ਜਿਸ ਕਰਕੇ ਸਾਂਝੀਆਂ ਥਾਵਾਂ ’ਤੇ ਸ਼ਰਨ ਲੈਣੀ ਪਈ ਹੈ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ, ਮੇਜਰ ਸਿੰਘ ਪੁੱਤਰ ਜੀਤ ਸਿੰਘ, ਨਿਧਾਨ ਸਿੰਘ ਪੁੱਤਰ ਸਰੂਪ ਸਿੰਘ, ਬਚਨ ਕੌਰ ਵਿਧਵਾ, ਜਗਰੂਪ ਸਿੰਘ ਪੁੱਤਰ ਗੁਰਦੇਵ ਸਿੰਘ, ਰਹਿਮਤੇ ਵਿਧਵਾ, ਉਕੀਲ ਸਿੰਘ ਪਰਵਾਸੀ ਮਜ਼ਦੂਰ ਦੇ ਘਰ ਦਾ ਨੁਕਸਾਨ ਹੋਇਆ ਹੈ । ਮਜ਼ਦੂਰ ਪਰਿਵਾਰਾਂ ਨੂੰ ਫੌਰੀ ਰਾਹਤ ਦੇਣ ਦੀ ਲੋੜ ਹੈ।