ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆੜ੍ਹਤੀਆਂ ਤੇ ਰਾਈਸ ਮਿੱਲਰਾਂ ’ਚ ਵਿਵਾਦ ਖ਼ਤਮ

ਪੰਜ ਦਿਨਾਂ ਮਗਰੋਂ ਬਾਸਮਤੀ ਦੀ ਖਰੀਦ ਸ਼ੁਰੂ
ਸੰਗਰੂਰ ਦੀ ਅਨਾਜ ਮੰਡੀ ਵਿੱਚ ਬਾਸਮਤੀ ਦੀਆਂ ਲੱਗੀਆਂ ਢੇਰੀਆਂ।
Advertisement

ਜ਼ਿਲ੍ਹਾ ਹੈੱਡਕੁਆਰਟਰ ਦੀ ਅਨਾਜ ਮੰਡੀ ਵਿੱਚ ਪੰਜ ਦਿਨਾਂ ਤੋਂ ਬਾਸਮਤੀ ਦੀ ਖਰੀਦ ਦਾ ਠੱਪ ਪਿਆ ਕੰਮ ਅੱਜ ਸ਼ੁਰੂ ਹੋ ਗਿਆ ਹੈ। ਆੜ੍ਹਤੀਆਂ ਅਤੇ ਰਾਈਸ ਮਿੱਲਰਾਂ ਵਿਚਕਾਰ ਅਦਾਇਗੀ ਦੀ ਸਮਾਂ ਸੀਮਾ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਆੜ੍ਹਤੀਆਂ ਵਲੋਂ ਬਾਸਮਤੀ ਦੀ ਫਸਲ ਦੀ ਬੋਲੀ ਦਾ ਕੰਮਕਾਜ ਠੱਪ ਕੀਤਾ ਹੋਇਆ ਸੀ ਜਿਸ ਕਾਰਨ ਅਨਾਜ ਮੰਡੀ ਵਿੱਚ ਫਸਲ ਲੈ ਕੇ ਬੈਠੇ ਕਿਸਾਨ ਪਿਛਲੇ ਚਾਰ/ਪੰਜ ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਸਨ। ਆੜ੍ਹਤੀਆਂ ਐਸੋਸੀਏਸ਼ਨ ਅਤੇ ਰਾਈਸ ਮਿੱਲਰਜ਼ ਵਿਚਕਾਰ ਆਪਸੀ ਸਹਿਮਤੀ ਨਾਲ ਮਾਮਲਾ ਸੁਲਝਾ ਲਿਆ ਗਿਆ ਹੈ ਜਿਸ ਤੋਂ ਬਾਅਦ ਆੜ੍ਹਤੀਆਂ ਵਲੋਂ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਬਾਸਮਤੀ ਦੀ ਬੋਲੀ ਦੀ ਸ਼ੁਰੂ ਕਰਵਾ ਦਿੱਤੀ ਗਈ। ਆੜ੍ਹਤੀਆਂ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸ਼ਿਸ਼ਨ ਕੁਮਾਰ ਦੁੱਗਾਂ ਨੇ ਦੱਸਿਆ ਕਿ 8 ਦਿਨਾਂ ਦੇ ਅੰਦਰ ਅਦਾਇਗੀ ਕਰਨ ਦੀ ਸਹਿਮਤੀ ਬਣ ਗਈ ਹੈ। ਜਾਣਕਾਰੀ ਅਨੁਸਾਰ ਬਾਸਮਤੀ ਦੀ ਫਸਲ ਪ੍ਰਾਈਵੇਟ ਰਾਈਸ ਮਿੱਲਰਜ਼ ਵਲੋਂ ਖਰੀਦ ਕੀਤੀ ਜਾ ਰਹੀ ਹੈ। ਖਰੀਦ ਤੋਂ ਬਾਅਦ ਰਾਈਸ ਮਿੱਲਰਜ਼ ਵਲੋਂ ਅਦਾਇਗੀ 7 ਦਿਨਾਂ ਦੇ ਅੰਦਰ ਕੀਤੀ ਜਾਂਦੀ ਸੀ ਪਰ ਰਾਈਸ ਮਿੱਲਰਜ਼ ਵਲੋਂ ਅਦਾਇਗੀ 15 ਦਿਨਾਂ ਦੇ ਅੰਦਰ ਅੰਦਰ ਕਰਨ ਦਾ ਫੈਸਲਾ ਲਿਆ ਸੀ ਜੋ ਕਿ ਆੜ੍ਹਤੀਆਂ ਨੇ ਨਾ-ਮਨਜ਼ੂਰ ਕਰ ਦਿੱਤਾ ਸੀ। ਭਾਵੇਂ ਇਸ ਮਾਮਲੇ ਨੂੰ ਸੁਲਝਾਉਣ ਲਈ ਕਈ ਦਿਨ ਗੱਲਬਾਤ ਵੀ ਜਾਰੀ ਰਹੀ ਪਰ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਿਆ ਸੀ ਜਿਸ ਕਾਰਨ ਬਾਸਮਤੀ ਦੀ ਬੋਲੀ ਨਹੀਂ ਹੋ ਰਹੀ ਸੀ। ਕਿਸਾਨ ਬੋਲੀ ਦੀ ਉਡੀਕ ਵਿੱਚ ਖੱਜਲ ਖੁਆਰ ਹੋ ਰਹੇ ਸੀ ਜਾਂ ਫ਼ਿਰ ਮੰਡੀ ’ਚ ਫਸਲ ਚੁੱਕ ਕੇ ਹੋਰ ਅਨਾਜ ਮੰਡੀਆਂ ਵਿੱਚ ਜਾ ਰਹੇ ਸਨ। ਅਨਾਜ ਮੰਡੀ ਦੀ ਲੇਬਰ ਵੀ ਪੰਜ ਦਿਨਾਂ ਤੋਂ ਵਿਹਲੀ ਬੈਠੀ ਸੀ। ਆੜ੍ਹਤੀਆਂ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸ਼ਿਸ਼ਨ ਕੁਮਾਰ ਦੁੱਗਾਂ ਨੇ ਦੱਸਿਆ ਕਿ ਰਾਈਸ ਮਿੱਲਰਜ਼ ਨਾਲ ਅੱਜ ਆਪਸੀ ਸਹਿਮਤੀ ਨਾਲ ਮਾਮਲਾ ਸੁਲਝਾ ਲਿਆ ਗਿਆ ਸੀ ਅਤੇ 8 ਦਿਨਾਂ ਦੇ ਅੰਦਰ ਅਦਾਇਗੀ ਕਰਨ ਦੀ ਸਹਿਮਤੀ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਫੈਸਲੇ ਤੋਂ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਬਾਸਮਤੀ ਦੀ ਬੋਲੀ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਮੰਡੀ ਦਫ਼ਤਰ ਅਨੁਸਾਰ ਹੁਣ ਤੱਕ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ 5335 ਮੀਟਰਕ ਟਨ ਬਾਸਮਤੀ ਦੀ ਫਸਲ ਦੀ ਆਮਦ ਹੋ ਚੁੱਕੀ ਹੈ ਅਤੇ ਖਰੀਦ ਹੋ ਚੁੱਕੀ ਹੈ।

ਲਹਿਰਾਗਾਗਾ ਮੰਡੀ ’ਚ ਬਾਸਮਤੀ ਦੀ ਆਮਦ

Advertisement

ਲਹਿਰਾਗਾਗਾ (ਰਮੇਸ਼ ਭਾਰਦਵਾਜ): ਅਨਾਜ ਮੰਡੀ ਲਹਿਰਾਗਾਗਾ ਵਿੱਚ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ। ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਵਾਈਸ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਅੱਜ ਬਾਸਮਤੀ 1509 ਕਿਸਮ ਦੀ ਬੋਲੀ ਸ਼ੁਰੂ ਕਰਵਾਈ। ਪਹਿਲੀ ਢੇਰੀ ਗਿਰਧਾਰੀ ਲਾਲ ਸਰੇਸ਼ ਕੁਮਾਰ ਦੀ ਦੁਕਾਨ ’ਤੇ ਕਿਸਾਨ ਅਵਤਾਰ ਸਿੰਘ ਪੁੱਤਰ ਮੁਖਤਿਆਰ ਸਿੰਘ ਪਿੰਡ ਅੜਕਵਾਸ ਦੀ ਵਿਕਣ ਲਈ ਆਈ ਜਿਸ ਨੂੰ ਸਵਾਸਤਿਕ ਫੂਡ ਮਿਲ ਨੇ 3140 ਰੁਪਏ ਦੀ ਸਭ ਤੋਂ ਉੱਚੀ ਬੋਲੀ ਦੇ ਕੇ ਖਰੀਦਿਆ। ਪ੍ਰਧਾਨ ਜੀਵਨ ਕੁਮਾਰ ਰਬੜ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ੰਭੂ ਗੋਇਲ ਨੇ ਕਿਹਾ ਕਿ ਮੰਡੀ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ।

ਭਵਾਨੀਗੜ੍ਹ ’ਚ 3260 ਰੁਪਏ ਪ੍ਰਤੀ ਕੁਇੰਟਲ ਵਿਕੀ ਫ਼ਸਲ

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇੱਥੇ ਅਨਾਜ ਮੰਡੀ ਵਿੱਚ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਝਨੇੜੀ ਅਤੇ ਆੜ੍ਹਤੀਆ ਐਸੋਸ਼ੀਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਮਿੱਤਲ ਨੇ ਦੱਸਿਆ ਕਿ ਅੱਜ ਮੰਡੀ ਵਿੱਚ ਬਾਸਮਤੀ ਦੀਆਂ ਕੁੱਝ ਢੇਰੀਆਂ ਆਈਆਂ ਸਨ, ਜੋ ਕਿ ਅੱਜ ਹੀ ਵਿਕ ਗਈਆਂ ਹਨ। ਮੰਡੀ ਵਿੱਚ ਬਾਸਮਤੀ ਝੋਨਾ ਲੈ ਕੇ ਆਏ ਨੇੜਲੇ ਪਿੰਡ ਕਪਿਆਲ ਦੇ ਕਿਸਾਨ ਹਰਚੰਦ ਸਿੰਘ ਨੇ ਦੱਸਿਆ ਕਿ ਉਸ ਦਾ ਝੋਨਾ 3260 ਰੁਪਏ ਪ੍ਰਤੀ ਕੁਇੰਟਲ ਵਿਕ ਗਿਆ ਹੈ। ਚੇਅਰਮੈਨ ਜਗਸੀਰ ਸਿੰਘ ਝਨੇੜੀ ਨੇ ਦੱਸਿਆ ਕਿ ਮੁੱਖ ਅਨਾਜ ਮੰਡੀ ਸਮੇਤ ਬਲਾਕ ਦੇ ਸਾਰੇ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਸਬੰਧੀ ਪ੍ਰਬੰਧ ਕੀਤੇ ਗਏ ਹਨ।

Advertisement
Show comments