ਪੰਜਾਬੀ ਯੂਨੀਵਰਸਿਟੀ ’ਚ ਵਰਕਸ਼ਾਪ ਦੌਰਾਨ ਖੋਜ ਵਿਧੀਆਂ ’ਤੇ ਚਰਚਾ
ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੱਤ ਰੋਜ਼ਾ ਵਰਕਸ਼ਾਪ ਦੌਰਾਨ ਖੋਜ- ਵਿਧੀਆਂ ’ਤੇ ਚਰਚਾ ਹੋਈ ਜਿਸ ਦੀ ਅਗਵਾਈ ਚੇਅਰ ਦੇ ਕੋਆਰਡੀਨੇਟਰ ਡਾ. ਰਾਜਵੰਤ ਕੌਰ ਪੰਜਾਬੀ ਨੇ ਕੀਤੀ। ਡਾ. ਵਨੀਤਾ ਨੇ ਨਾਰੀਵਾਦ ਨੂੰ ਸਿਧਾਂਤਕ ਤੌਰ ’ਤੇ ਪਰਿਭਾਸ਼ਾਬੱਧ ਕਰਨ ਦੇ ਨਾਲ-ਨਾਲ, ਨਾਰੀਵਾਦ ਸਬੰਧੀ ਵੱਖ-ਵੱਖ ਲਹਿਰਾਂ ਬਾਰੇ ਵਿਸ਼ੇਸ਼ ਗੱਲਬਾਤ ਕੀਤੀ। ਡਾ. ਰੇਣੁਕਾ ਸਿੰਘ ਨੇ ਸਮਾਜ ਵਿਗਿਆਨ ਦੇ ਹਵਾਲੇ ਨਾਲ ਦੱਸਿਆ ਕਿ ਖੋਜ ਦਾ ਗਿਣਨਾਤਮਿਕ ਹੋਣ ਨਾਲੋਂ ਵਧੇਰੇ ਜ਼ਰੂਰੀ ਹੈ ਕਿ ਉਹ ਗੁਣਾਤਮਕ ਹੋਵੇ। ਡਾ. ਗੁਰਮੁਖ ਸਿੰਘ ਨੇ ਪਲੈਟੋ ਦੇ ਹਵਾਲੇ ਨਾਲ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਰਸਤੂ ਤੋਂ ਹੁੰਦਿਆਂ ਹੋਇਆਂ ਸਾਰੀ ਗੱਲਬਾਤ ਦਾ ਕੇਂਦਰ ਸੂਜਨ ਸੁਨਟੈਗ ਅਤੇ ਰੀਟਾ ਫਲੈਸਕੀ ਦੀ ਵਿਚਾਰਧਾਰਾ ਨੂੰ ਬਣਾਇਆ। ਡਾ. ਕੁਲਦੀਪ ਸਿੰਘ ਨੇ ਇਤਿਹਾਸਕ ਘਟਨਾਕ੍ਰਮ ਵਿੱਚ ਵਿਚਾਰਧਾਰਾ ਦੇ ਸੰਕਲਪਾਂ ਦੀ ਵਿਕਾਸ ਪ੍ਰਕਿਰਿਆ ਦੀ ਨਿਸ਼ਾਨਦੇਹੀ ਕੀਤੀ। ਇਸ ਵਰਕਸ਼ਾਪ ਦੌਰਾਨ ਡਾ. ਰਾਜਵਿੰਦਰ ਸਿੰਘ, ਡਾ. ਪਰਮੀਤ ਕੌਰ, ਡਾ. ਸਵਰਨਜੀਤ ਕੌਰ, ਡਾ. ਰਾਜਮੋਹਿੰਦਰ ਕੌਰ, ਡਾ. ਗਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਮਨਿੰਦਰ ਕੌਰ, ਡਾ. ਰਵਿੰਦਰ ਕੌਰ ਅਤੇ ਡਾ. ਸਰਬਜੀਤ ਕੌਰ ਆਦਿ ਮੌਜੂਦ ਰਹੇ। ਸੱਤਵੀਂ ਬੈਠਕ ਦੇ ਮੁੱਖ ਵਕਤਾ ਵਜੋਂ ਡਾ. ਭੁਪਿੰਦਰ ਸਿੰਘ ਖਹਿਰਾ ਨੇ ‘ਦੇਹ ਤੋਂ ਗਿਆਨ ਤੱਕ ਕਿਵੇਂ ਪੁੱਜੀਏ’ ਵਿਸ਼ੇ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਗਿਆਨ ਇੰਦਰੀਆਂ ਦੀ ਸੁਯੋਗ ਵਰਤੋਂ ਰਾਹੀਂ ਅਸੀਂ ਸਹੀ ਗਿਆਨ ਦੀ ਪ੍ਰਾਪਤੀ ਵੱਲ ਕਦਮ ਪੁੱਟ ਸਕਦੇ ਹਾਂ। ਕਿਸੇ ਵੀ ਕਿਤਾਬ ਨੂੰ ਪੜ੍ਹ ਕੇ ਇਸਦੀ ਪੁਨਰ-ਸਿਰਜਣਾ ਅਹਿਮ ਕਦਮ ਹੈ। ਉਨ੍ਹਾਂ ਚਿੰਨ੍ਹਾਂ, ਪ੍ਰਤੀਕਾਂ, ਪੈਟਰਨਾਂ, ਰੂੜ੍ਹੀਆਂ ਆਦਿ ਸੰਕਲਪਾਂ ਬਾਰੇ ਵੀ ਗੱਲਬਾਤ ਕੀਤੀ। ‘ਮਾਰਕਸਵਾਦੀ ਸਿਧਾਂਤ ਅਤੇ ਵਿਹਾਰ’ ਵਿਸ਼ੇ ’ਤੇ ਸੰਵਾਦ ਰਚਾਇਆ। ਅੱਠਵੀਂ ਬੈਠਕ ਦੇ ਮੁੱਖ ਵਕਤਾ ਡਾ. ਭੀਮ ਇੰਦਰ ਸਿੰਘ ਨੇ ਮਨੁੱਖੀ ਸਭਿਅਤਾ ਦੇ ਇਤਿਹਾਸਕ ਕਾਲਕ੍ਰਮ ਨੂੰ ਸਮਝਾਉਂਦਿਆਂ, ਸਰੋਤਿਆਂ ਨੂੰ ਮਾਰਕਸਵਾਦ ਦੇ ਮੁੱਖ ਆਧਾਰਾਂ ਨਾਲ ਜਾਣੂੰ ਕਰਵਾਇਆ। ਇਸਦੇ ਨਾਲ ਹੀ ਪੂੰਜੀਵਾਦ, ਰਾਜਤੰਤਰ, ਲੋਕਤੰਤਰ, ਨਿੱਜੀਕਰਨ, ਵਿਸ਼ਵੀਕਰਨ, ਕਾਰਪੋਰੇਟ ਘਰਾਣੇ, ਵਿਕਾਸਸ਼ੀਲ ਮੁਲਕ ਅਤੇ ਵਿਕਸਿਤ ਮੁਲਕ ਆਦਿ ਵਿਸ਼ੇ ਉਨ੍ਹਾਂ ਦੇ ਲੈਕਚਰ ਦਾ ਮੁੱਖ ਕੇਂਦਰ ਰਹੇ।
