ਡਕੌਂਦਾ ਧੜੇ ਵੱਲੋਂ ਕਿਸਾਨਾਂ ਦੇ ਮਸਲਿਆਂ ਬਾਰੇ ਵਿਚਾਰ-ਚਰਚਾ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜਗਿੱਲ ਵੱਲੋਂ ਅੱਜ ਰਾਮ ਬਾਗ ਧੂਰੀ ਵਿੱਚ ਪਾਰਟੀ ਦੀ ਮੀਟਿੰਗ ਬਲਾਕ ਪ੍ਰਧਾਨ ਨਾਜ਼ਮ ਸਿੰਘ ਪੁੰਨਾਵਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਲਖਵੀਰ ਸਿੰਘ ਲੱਖਾ ਬਾਲੀਆ ਅਤੇ ਜ਼ਿਲ੍ਹਾ ਆਗੂ ਬਲਜੀਤ ਸਿੰਘ ਹਸ਼ਨਪੁਰ ਨੇ ਬੁਲਾਰੇ ਵਜੋਂ ਸ਼ਿਰਕਤ ਕੀਤੀ। ਮੀਟਿੰਗ ਵਿੱਚ ਪਰਾਲੀ ਦੇ ਮੁੱਦੇ ’ਤੇ ਤਾਜ਼ਾ ਬਣੇ ਹਾਲਾਤਾਂ, ਮੰਡੀਆਂ ਵਿੱਚ ਝੋਨੇ ਦੀ ਆਮਦ ਤੇ ਕਿਸਾਨੀ ਸਮੱਸਿਆਵਾਂ ਤੋਂ ਇਲਾਵਾ 10 ਅਕਤੂਬਰ ਨੂੰ ਪ੍ਰਿਥੀਪਾਲ ਸਿੰਘ ਮਾੜੀ ਮੇਘਾ ਦੇ ਮਨਾਏ ਜਾ ਰਹੇ ਬਰਸੀ ਸਮਾਗ਼ਮਾਂ ਵਿੱਚ ਭਾਗ ਲਈ ਲਈ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ। ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਲਖਵੀਰ ਸਿੰਘ ਲੱਖਾ ਬਾਲੀਆਂ ਨੇ ਦੱਸਿਆ ਕਿ ਬੀਕੇਯੁ ਰਾਜੇਵਾਲ ਦੇ ਸਰਗਰਮ ਆਗੂ ਹਰਜੀਤ ਸਿੰਘ ਜਹਾਂਗੀਰ ਨੇ ਜਥੇਬੰਦੀ ਦੀਆਂ ਨੀਤੀਆਂ ਨੂੰ ਮਨਦਿਆਂ ਆਪਣੀ ਜਥੇਬੰਦੀ ਛੱਡਕੇ ਬੀਕੇਯੂ ਡਕੌਂਦਾ ਬੁਰਜਗਿੱਲ ਨਾਲ ਚੱਲਣ ਦਾ ਐਲਾਨ ਕੀਤਾ ਹੈ ਜਿਸ ਨਾਲ ਯਕੀਨਨ ਜਥੇਬੰਦੀ ਨੂੰ ਕਾਫ਼ੀ ਫਾਇਦਾ ਪਹੁੰਚੇਗਾ। ਮੀਟਿੰਗ ਨੂੰ ਜਥੇਬੰਦੀ ਦੇ ਆਗੂ ਕੁਲਵਿੰਦਰ ਸਿੰਘ ਜਹਾਂਗੀਰ ਅਤੇ ਪਰਮਿੰਦਰ ਸਿੰਘ ਬਰੜਵਾਲ ਨੇ ਵੀ ਸੰਬੋਧਨ ਕੀਤਾ।