ਧੂਰੀ ਵਿੱਚ 3.36 ਕਰੋੜ ਦੇ ਵਿਕਾਸ ਪ੍ਰਾਜੈਕਟ ਸ਼ੁਰੂ
ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਸੁਖਵੀਰ ਸਿੰਘ ਸੁੱਖੀ ਨੇ ਸ਼ਹਿਰ ਵਿੱਚ 3.36 ਕਰੋੜ ਦੇ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ। ਇਸ ਦੌਰਾਨ ਉਨ੍ਹਾਂ ਕੇਂਦਰੀ ਮੰਤਰੀ ਰਵਨੀਤ ਬਿੱਟੂ ’ਤੇ ਧੂਰੀ ਸ਼ਹਿਰ ਵਿਚਲੇ ਰੇਲਵੇ ਪੁਲ ਦੀ ਉਸਾਰੀ ’ਚ ਅੜਿੱਕੇ ਪਾਉਣ ਦੇ ਦੋਸ਼ ਲਾਏ। ਸੁਖਵੀਰ ਸਿੰਘ ਸੁੱਖੀ ਨੇ ਦੱਸਿਆ ਨਵੇਂ ਪ੍ਰਾਜੈਕਟਾਂ ਵਿੱਚ ਕ੍ਰਾਂਤੀ ਚੌਕ ਦਾ ਸੁੰਦਰੀਕਰਨ, ਧੂਰੀ ਅੰਦਰਲੇ ਇਨਡੋਰ ਸਟੇਡੀਅਮ, ਪਟਵਾਰਖਾਨਾ, ਕਮੇਟੀ ਨੇੜਲੇ ਪਾਰਕ ਆਦਿ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਧੂਰੀ ਵੱਲ ਖੋਲ੍ਹੇ ਖਜ਼ਾਨੇ ਦੇ ਮੂੰਹ ਨਾਲ ਛੇਤੀ ਹੀ ਧੂਰੀ ਅੰਦਰ ਬਦਲਾਅ ਸਪੱਸ਼ਟ ਦਿਖਾਈ ਦੇਵੇਗਾ। ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜਾਂ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਨਵੇਂ ਪ੍ਰਾਜੈਕਟਾਂ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਅਗਲੇ ਕੁੱਝ ਦਿਨਾਂ ’ਚ 15 ਕਰੋੜ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ ਹੋਰ ਪ੍ਰਾਜੈਕਟਾਂ ਦਾ ਖੁਲਾਸਾ ਕੀਤਾ। ਇਸ ਮੌਕੇ ਸੁਖਵੀਰ ਸਿੰਘ ਸੁੱਖੀ ਨਾਲ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜਾਂ ਦਲਵੀਰ ਸਿੰਘ ਢਿੱਲੋਂ, ਰਾਜਵੰਤ ਸਿੰਘ ਘੁੱਲੀ, ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਲੱਖਾ, ਸਟੇਟ ਵੇਅਰਹਾਊਸ ਤੇ ਕੰਟੇਨਰ ਦੇ ਸਾਬਕਾ ਚੇਅਰਮੈਨ ਸਤਿੰਦਰ ਚੱਠਾ ਅਤੇ ਮੈਂਬਰ ਵਕਫ਼ ਬੋਰਡ ਪੰਜਾਬ ਡਾ. ਅਨਵਰ ਭਸੌੜ ਹਾਜ਼ਰ ਸਨ। ਬਾਅਦ ਦੁਪਹਿਰ ਸ਼ੈੱਲਰ ਐਸੋਸੀਏਸ਼ਨ ਦੇ ਸਮਾਗਮ ਵਿੱਚ ਓ ਐੱਸ ਡੀ ਨੇ ਸ਼ਿਰਕਤ ਕੀਤੀ ਜਿਸ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਨਰੇਸ਼ ਸਿੰਗਲਾ, ਆੜ੍ਹਤੀਆ ਆਗੂ ਬਲਵਿੰਦਰ ਸਿੰਘ ਬਿੱਲੂ ਤੇ ਗਗਨ ਜਵੰਧਾ ਆਦਿ ਮੌਜੂਦ ਸਨ।