ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਮੰਡੀਆਂ ’ਚ ਪ੍ਰਬੰਧ ਦਾਅਵਿਆਂ ਤੋਂ ਉਲਟ
ਪੰਜਾਬ ਭਰ ਵਿੱਚ ਅੱਜ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਪਰ ਇਸ ਦੇ ਬਾਵਜੂਦ ਹਕੀਕਤ ਦਾਅਵਿਆਂ ਤੋਂ ਉਲਟ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਦਾਅਵਾ ਕੀਤਾ ਗਿਆ ਕਿ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਪਰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੀ ਅਨਾਜ ਮੰਡੀ ਵਿੱਚ ਸਾਫ਼-ਸਫ਼ਾਈ ਦੇ ਪ੍ਰਬੰਧ ਕਿਤੇ ਨਜ਼ਰ ਨਹੀਂ ਆ ਰਹੇ ਅਤੇ ਅਨਾਜ ਮੰਡੀ ਦੀਆਂ ਸੜਕਾਂ ਦੀ ਖਸਤਾ ਹਾਲਤ ਵੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੀ ਹੈ।
ਜ਼ਿਲ੍ਹਾ ਹੈੱਡਕੁਆਰਟਰ ਦੀ ਅਨਾਜ ਮੰਡੀ ਵਿੱਚ ਹਾਲੇ ਸਿਰਫ਼ ਬਾਸਮਤੀ ਦੀ ਆਮਦ ਹੋ ਰਹੀ ਹੈ ਜਦੋਂ ਕਿ ਪਰਮਲ ਝੋਨੇ ਦੀ ਫਸਲ ਦੀ ਆਮਦ ਅਗਲੇ ਮਹੀਨੇ ਹੋਣ ਦੀ ਉਮੀਦ ਹੈ। ਅਨਾਜ ਮੰਡੀ ਦੇ ਅੰਦਰਲੇ ਅਤੇ ਬਾਹਰਲੇ ਸ਼ੈੱਡਾਂ ਹੇਠ ਸਫ਼ਾਈ ਦਾ ਮਾੜਾ ਹਾਲ ਹੈ। ਸ਼ੈੱਡਾਂ ਹੇਠਾਂ ਵੱਡੀ ਤਾਦਾਦ ’ਚ ਝਾਰ ਵਾਲੀਆਂ ਮਸ਼ੀਨਾਂ ਖੜ੍ਹੀਆਂ ਹਨ ਅਤੇ ਸ਼ੈੱਡ ਹੇਠਾਂ ਕੂੜਾ ਕਰਕਟ ਆਦਿ ਖਿੱਲਰਿਆ ਪਿਆ ਹੈ। ਕਿਸਾਨਾਂ ਨੂੰ ਸ਼ੈੱਡ ਹੇਠਾਂ ਆਪਣੀ ਬਾਸਮਤੀ ਝੋਨੇ ਦੀ ਫਸਲ ਰੱਖਣ ਲਈ ਵੀ ਸਾਫ਼ ਜਗ੍ਹਾ ਨਜ਼ਰ ਨਹੀਂ ਆਈ ਅਤੇ ਇੱਕ ਕਿਸਾਨ ਦੀ ਫਸਲ ਦੀ ਢੇਰੀ ਉਥੇ ਹੀ ਕੂੜੇ ਦੇ ਨਜ਼ਦੀਕ ਹੀ ਰੱਖਣੀ ਪਈ। ਅਨਾਜ ਮੰਡੀ ਦੀਆਂ ਸੜਕਾਂ ਦੀ ਹਾਲਤ ਬੇਹੱਦ ਮਾੜੀ ਹੈ। ਸੜਕਾਂ ਥਾਂ-ਥਾਂ ਤੋਂ ਟੁੱਟੀਆਂ ਪਈਆਂ ਹਨ ਅਤੇ ਰੋਡ ਖਿੱਲਰ ਰਹੇ ਹਨ ਜਿਸ ਕਾਰਨ ਕਿਸਾਨਾਂ ਨੂੰ ਅਜਿਹੀਆਂ ਸੜਕਾਂ ਤੋਂ ਹੀ ਟਰੈਕਟਰ-ਟਰਾਲੀਆਂ ਰਾਹੀਂ ਆਪਣੀ ਫਸਲ ਲੈ ਕੇ ਆਉਣਾ ਪੈਣਾ ਹੈ।
ਕੁੱਝ ਥਾਂ ’ਤੇ ਜ਼ਰੂਰ ਝਾੜੂ ਫੇਰਿਆ ਨਜ਼ਰ ਆਇਆ ਜਿਸ ਦੀਆਂ ਤਸਵੀਰਾਂ ਅੱਜ ਪ੍ਰਸ਼ਾਸਨ ਵਲੋਂ ਮੀਡੀਆ ਨੂੰ ਵੀ ਜਾਰੀ ਕੀਤੀਆਂ ਹਨ ਪਰ ਅਸਲ ਸੱਚਾਈ ਕੁੱਝ ਹੋਰ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਸੜਕਾਂ ਦੀ ਮੁਰੰਮਤ ਕਰਾਉਣ ਦੀ ਮੰਗ ਕਰ ਚੁੱਕੇ ਹਨ ਪਰ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਦਾ ਫੜ੍ਹ ਛੋਟਾ ਹੈ ਜਿਸ ਕਾਰਨ ਕਿਸਾਨਾਂ ਨੂੰ ਫਸਲ ਸੁੱਟਣ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੰਡੀ ਬੋਰਡ ਵੱਲੋਂ ਪ੍ਰਬੰਧਕ ਮੁਕੰਮਲ: ਡੀ ਸੀ
ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਖਰੀਦ ਪ੍ਰਬੰਧਾਂ ਬਾਰੇ ਕਿਹਾ ਕਿ ਝੋਨੇ ਦੀ ਸਰਕਾਰੀ ਖਰੀਦ ਅੱਜ ਸ਼ੁਰੂ ਹੋ ਗਈ ਹੈ। ਮੰਡੀ ਬੋਰਡ ਵਲੋਂ ਮੰਡੀਆਂ ਵਿੱਚ ਫੜ੍ਹਾਂ ਦੀ ਸਫਾਈ, ਪੀਣ ਦੇ ਪਾਣੀ, ਬਿਜਲੀ, ਛਾਂ, ਨਮੀ ਮਾਪਣ ਵਾਲੇ ਯੰਤਰ ਆਦਿ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਜ਼ਿਲ੍ਹੇ ਵਿੱਚ ਝੋੋਨੇ ਦੀ ਖਰੀਦ ਲਈ ਕੁੱਲ 172 ਖਰੀਦ ਕੇਂਦਰ ਬਣਾਏ ਗਏ ਹਨ। ਜ਼ਿਲ੍ਹਾ ਸੰਗਰੂਰ ਵਿੱਚ ਕੁੱਲ 620 ਚੌਲ ਮਿੱਲਾਂ ਹਨ, ਜਿਸ ਵਿੱਚੋਂ ਲਗਭਗ ਸਾਰੀਆਂ ਮਿੱਲਾਂ ਅਲਾਟ ਕੀਤੀਆਂ ਜਾ ਚੁੱਕੀਆਂ ਹਨ।ਸਰਕਾਰ ਵਲੋਂ ਝੋਨੇ ਵਿੱਚ ਨਮੀ ਦੀ ਵੱਧ ਤੋਂ ਵੱਧ ਮਾਤਰਾ 17 ਫੀਸਦੀ ਨਿਰਧਾਰਿਤ ਕੀਤੀ ਗਈ ਹੈ।