ਖਰਾਬ ਮੌਸਮ ਦੇ ਬਾਵਜੂਦ ਟੈਂਕੀ ’ਤੇ ਡਟੇ ਇੰਦਰਜੀਤ ਦੇ ਹੌਸਲੇ ਬੁਲੰਦ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 8 ਜੁਲਾਈ
ਸਿੱਖਿਆ ਵਿਭਾਗ ਵੱਲੋਂ ‘ਕਾਰਨ ਦੱਸੋ’ ਨੋਟਿਸ ਜਾਰੀ ਕਰਨ ਅਤੇ ਖਰਾਬ ਮੌਸਮ ਦੇ ਬਾਵਜੂਦ ਅੱਜ ਮਾਨਸਾ ਦਾ ਇੰਦਰਜੀਤ ਪਿੰਡ ਖੁਰਾਣਾ ਵਿੱਚ ਪਾਣੀ ਵਾਲੀ ਟੈਂਕੀ ’ਤੇ ਡਟਿਆ ਰਿਹਾ। ਉਹ ਆਪਣੀਆਂ ਮੰਗਾਂ ਮਨਵਾਉਣ ਲਈ 26 ਦਿਨਾਂ ਤੋਂ ਟੈਂਕੀ ’ਤੇ ਚੜ੍ਹਿਆ ਹੋਇਆ ਹੈ। ਇਸ ਦੌਰਾਨ ਇੰਦਰਜੀਤ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੱਚੇ ਅਧਿਆਪਕਾਂ ਨੂੰ 10 ਸਾਲਾ ਪਾਲਿਸੀ ਅਧੀਨ ਰੈਗੂਲਰ ਕਰਨ ਦਾ ਵਾਅਦਾ ਕਰ ਕੇ ਕੱਚੇ ਅਧਿਆਪਕਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰ ਦਿੱਤੇ ਹਨ।
ਖਰਾਬ ਮੌਸਮ ਦੇ ਮੱਦੇਨਜ਼ਰ ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਤੇ ਹੋਰ ਸਾਥੀ ਅਧਿਆਪਕਾਂ ਨੇ ਟੈਂਕੀ ’ਤੇ ਚੜ੍ਹ ਕੇ ਇੰਦਰਜੀਤ ਦੇ ਝੌਪੜੀਨੁਮਾ ਰੈਣ ਬਸੇਰੇ ਨੂੰ ਮੀਂਹ ਦੀ ਮਾਰ ਤੋਂ ਬਚਾਉਣ ਲਈ ਤਰਪਾਲ ਪਾਈ। ਇੰਦਰਜੀਤ ਨੇ ਕਿਹਾ ਕਿ ਜਿਸ ਤਰ੍ਹਾਂ ਸਿੱਖਿਆ ਪ੍ਰੋਵਾਈਡਰ ਅਧਿਆਪਕਾ ਮਨਪ੍ਰੀਤ ਕੌਰ ਨੂੰ ਕਲਾਸ ਵਿੱਚ ਬੱਚਿਆਂ ਤੋਂ ਸਰਕਾਰ ਖ਼ਿਲਾਫ਼ ਨਾਅਰੇ ਲਗਾਉਣ ਦੀ ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਮਨਪ੍ਰੀਤ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਸੀ, ਉਸੇ ਤਰ੍ਹਾਂ ਉਸ ਨੂੰ ਵੀ ‘ਕਾਰਨ ਦੱਸੋ’ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਟੈਂਕੀ ਹੇਠਾਂ ਚੱਲ ਰਹੇ ਪੱਕੇ ਮੋਰਚੇ ਵਿਚ ਅੱਜ 8736 ਕੱਚੇ ਅਧਿਆਪਕਾਂ ਨੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਦੀ ਅਗਵਾਈ ਹੇਠ ਮੀਟਿੰਗ ਕੀਤੀ। ਮੀਟਿੰਗ ਮਗਰੋਂ ਮਨਪ੍ਰੀਤ ਸਿੰਘ ਨੇ ਕਿਹਾ ਕਿ ਜੇ 10 ਜੁਲਾਈ ਨੂੰ ਮੁੱਖ ਮੰਤਰੀ ਦਫ਼ਤਰ ਚੰਡੀਗੜ੍ਹ ਵਿੱਚ ਯੂਨੀਅਨ ਨਾਲ ਹੋਣ ਵਾਲੀ ਮੀਟਿੰਗ ’ਚ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ।