ਕੁੱਝ ਮਹੀਨਿਆਂ ’ਚ ਤਿੰਨ ਵਾਰ ਪੈਚ ਵਰਕ ਦੇ ਬਾਵਜੂਦ ਸ਼ੇਰਪੁਰ-ਧੂਰੀ ਸੜਕ ਮੁੜ ਟੁੱਟਣ ਲੱਗੀ
ਮੁੱਖ ਮੰਤਰੀ ਦੇ ਹਲਕੇ ਦੀ ਸ਼ੇਰਪੁਰ-ਧੂਰੀ ਮੁੱਖ ਸੜਕ ਕੁੱਝ ਮਹੀਨਿਆਂ ਵਿੱਚ ਹੀ ਤਿੰਨ ਵਾਰ ਪੈਚ ਵਰਕ ਦੇ ਬਾਵਜੂਦ ਘਨੌਰੀ ਕਲਾਂ ਤੋਂ ਚਾਂਗਲੀ ਮੋੜ ਦਰਮਿਆਨ ਮੁੜ ਟੁੱਟਣ ਲੱਗੀ ਹੈ। ਉਂਜ ਹਲਕੇ ਅੰਦਰ ਹੋਰ ਵੀ ਬਣਨ ਤੋਂ ਥੋੜ੍ਹੇ ਸਮੇਂ ਬਾਅਦ ਹੀ ਟੁੱਟ ਰਹੀਆਂ ਸੜਕਾਂ ’ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਵੱਟੀ ਚੁੱਪ ਹੁਣ ਸਰਕਾਰੀ ਦੀ ਕਿਰਕਿਰੀ ਦੀ ਵਜ੍ਹਾ ਬਣਨ ਲੱਗੀ ਹੈ। ਤਾਜ਼ਾ ਮਾਮਲੇ ’ਤੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਕੋਈ ਠੋਸ ਕਾਰਵਾਈ ਅਮਲ ਵਿੱਚ ਨਾ ਲਿਆਉਣ ’ਤੇ ਐੱਸਡੀਐੱਮ ਦਫ਼ਤਰ ਵਿੱਚ ਪੱਕੇ ਧਰਨੇ ’ਤੇ ਬੈਠਣ ਦੀ ਚਿਤਾਵਨੀ ਦਿੱਤੀ ਹੈ।
ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਹਿਜ਼ ਅੱਠ ਨੌਂ ਮਹੀਨੇ ਪਹਿਲਾਂ ਬਣੀਆਂ ਸੜਕਾਂ ਵਿੱਚ ਸ਼ੇਰਪੁਰ-ਧੂਰੀ, ਘਨੌਰੀ ਕਲਾਂ-ਰਾਜੋਮਾਜਰਾ, ਕਾਤਰੋਂ-ਹਥਨ, ਘਨੌਰੀ ਕਲਾਂ-ਘਨੌਰ ਕਲਾਂ ਸਮੇਤ ਹੋਰ ਸੜਕਾਂ ਬਣ ਜਾਣ ਤੋਂ ਛੇ ਮਹੀਨੇ ਅੰਦਰ ਹੀ ਟੁੱਟਣ ਕਾਰਨ ਵਿਵਾਦਾਂ ਵਿੱਚ ਰਹੀਆਂ ਪਰ ਹੈਰਾਨੀਜਨਕ ਹੈ ਕਿ ਇਸ ਮਾਮਲੇ ’ਤੇ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਕਾਰਨ ਸਬੰਧ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਘਨੌਰ ਕਲਾਂ-ਕਲੇਰਾਂ ਅਤੇ ਕੁੰਭੜਵਾਲ-ਰੰਗੀਆਂ ਸੜਕਾਂ ਮਹਿਜ਼ ਛੇ ਮਹੀਨਿਆਂ ਵਿੱਚ ਟੁੱਟ ਜਾਣ ਕਾਰਨ ਡਿਪਟੀ ਕਮਿਸ਼ਨਰ ਨੂੰ ਮੌਕਾ ਵੇਖਣਾ ਪਿਆ ਪਰ ਕਿਸੇ ਪਾਸੇ ਵੀ ਠੋਸ ਕਾਰਵਾਈ ਦਿਖਾਈ ਨਹੀਂ ਦਿੱਤੀ। ਆਗੂ ਨੇ ਹੈਰਾਨੀ ਪ੍ਰਗਟ ਕਰਦਿਆਂ ਦੱਸਿਆ ਕਿ ਘਨੌਰੀ ਕਲਾਂ-ਘਨੌਰ ਕਲਾਂ ਸੜਕ ਬਾਰੇ ਆਈ ਸ਼ਿਕਾਇਤ ’ਤੇ ਖੁਦ ਮੁੱਖ ਮੰਤਰੀ ਨੇ ਜਨਤਕ ਤੌਰ ’ਤੇ ਇਸ ਸੜਕ ਦਾ ਦੁਬਾਰਾ ਟੈਂਡਰ ਕਰਕੇ ਮੁੜ ਬਣਾਉਣ ਦੇ ਦਿੱਤੇ ਨਿਰਦੇਸ਼ ਵੀ ਲੋਕ ਨਿਰਮਾਣ ਵਿਭਾਗ ਨੇ ਹਵਾ ਵਿੱਚ ਉਡਾ ਦਿੱਤੇ। ਉਨ੍ਹਾਂ ਜਿੱਥੇ ਸਬੰਧਤ ਵਿਭਾਗ ਅਧਿਕਾਰੀਆਂ ਤੇ ਪੰਜਾਬ ਸਰਕਾਰ ਨੂੰ ਕਟਿਹਰੇ ’ਚ ਖੜ੍ਹਾ ਕੀਤਾ ਉੱਥੇ ਵਿਰੋਧੀ ਪਾਰਟੀਆਂ ਦੀ ਚੁੱਪ ’ਤੇ ਵੀ ਸਵਾਲ ਚੁੱਕੇ। ਕਿਸਾਨ ਆਗੂ ਅਲਾਲ ਨੇ ਦੱਸਿਆ ਕਿ 5 ਅਗਸਤ ਨੂੰ ਉਹ ਐੱਸਡੀਐੱਮ ਧੂਰੀ ਨੂੰ ਨਿਰਧਾਰਤ ਸਮੇਂ ’ਚ ਠੋਸ ਕਾਰਵਾਈ ਲਈ ਮੰਗ ਪੱਤਰ ਦੇਣਗੇ ਅਤੇ ਕਾਰਵਾਈ ਨਾ ਹੋਣ ’ਤੇ ਭਰਾਤਰੀ ਜਥੇਬੰਦੀਆਂ ਨਾਲ ਸਲਾਹ ਮਸ਼ਵਰੇ ਮਗਰੋਂ ਉਹ ਐੱਸਡੀਐੱਮ ਦਫ਼ਤਰ ਅੱਗੇ ਪੱਕੇ ਧਰਨੇ ’ਤੇ ਬੈਠਣਗੇ। ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਚੀਫ਼ ਇੰਜਨੀਅਰ ਰਾਕੇਸ਼ ਗਰਗ ਨੇ ਫੋਨ ਸੰਦੇਸ਼ ਰਾਹੀਂ ਦੱਸਿਆ ਕਿ ਸੜਕ ਮਾਮਲੇ ਦੀ ਪੂਰੀ ਰਿਪੋਰਟ ਪੰਜ ਦਿਨਾਂ ਅੰਦਰ ਭੇਜਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।