ਜਮਹੂਰੀ ਅਧਿਕਾਰ ਸਭਾ ਵੱਲੋਂ ਕਨਵੈਨਸ਼ਨ ਤੇ ਰੋਸ ਮੁਜ਼ਾਹਰੇ 23 ਨੂੰ
ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ 23 ਨਵੰਬਰ ਨੂੰ ਕੇਂਦਰ ਸਰਕਾਰ ਦੀਆਂ ਲੋਕ ਘੋਲਾਂ ਨੂੰ ਦਬਾਉਣ ਦੀਆਂ ਨੀਤੀਆਂ ਖ਼ਿਲਾਫ਼ ਕਨਵੈਨਸ਼ਨ ਅਤੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ। ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਭੁਟਾਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਕਨਵੈਨਸ਼ਨ ਸੁਤੰਤਰ ਭਵਨ ਸੰਗਰੂਰ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 31 ਮਾਰਚ 2026 ਤੱਕ ਮਾਓਵਾਦੀਆਂ ਦੇ ਸੰਘਰਸ਼ ਅਤੇ ਵਿਚਾਰਧਾਰਾ ਨੂੰ ਖਤਮ ਕਰਨ ਦਾ ਐਲਾਨ ਕਰ ਕੇ ਸ਼ਰੇਆਮ ਸੰਵਿਧਾਨ ਅਤੇ ਕਾਨੂੰਨ ਵਿਰੋਧੀ ਫਰਮਾਨ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਸੀ ਪੀ ਆਈ ਮਾਓਵਾਦੀ ਦੇ ਆਗੂ, ਪੀ ਐੱਲ ਜੀ ਏ ਦੇ ਆਗੂਆਂ ਸਮੇਤ ਸੈਂਕੜੇ ਕਾਰਕੁਨ ਸਰਕਾਰ ਦੇ ਗੈਰਕਾਨੂੰਨੀ ਜਬਰ ਦਾ ਸ਼ਿਕਾਰ ਹੋ ਚੁੱਕੇ ਹਨ। ਆਗੂਆਂ ਨੇ ਮੰਗ ਕੀਤੀ ਕਿ ਫਰਜ਼ੀ ਕੇਸਾਂ ਤਹਿਤ ਗ੍ਰਿਫ਼ਤਾਰ ਕੀਤੇ ਭੀਮਾਕੋਰੇ ਗਾਓ ਦੇ ਕਥਿਤ ਮੁਲਜ਼ਮਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਘੱਟ ਗਿਣਤੀਆਂ ਵਿਰੁੱਧ ਜਬਰ ਬੰਦ ਕੀਤਾ ਜਾਵੇ, ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦੀ ਖੁਦਮੁਖਤਿਅਰੀ ਨੂੰ ਢਾਹ ਲਾਉਣ ਦੀਆਂ ਕਾਰਵਾਈਆਂ ਬੰਦ ਕੀਤੀਆਂ ਜਾਣ, ਲੱਦਾਖ ਦੇ ਆਗੂ ਸੋਨਮ ਵਾਂਗਚੁੱਕ ਨੂੰ ਰਿਹਾਅ ਕੀਤਾ ਜਾਵੇ, ਕੇਂਦਰੀਕਰਨ ਦੀਆਂ ਨੀਤੀਆਂ ਬੰਦ ਕੀਤੀਆਂ ਜਾਣ। ਆਗੂਆਂ ਨੇ ਸਮੂਹ ਜਨਤਕ ਜਮਹੂਰੀ ਕਾਰਕੁਨਾਂ ਅਤੇ ਅਮਨਪਸੰਦ ਲੋਕਾਂ ਨੂੰ 23 ਨਵੰਬਰ ਦੀ ਕਾਨਫਰੰਸ ਅਤੇ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
