ਜਮਹੂਰੀ ਸਭਾ ਨੇ ਵੇਰਕਾ ਮਿਲਕ ਪਲਾਂਟ ਦੇ ਜੀਐੱਮ ’ਤੇ ਦੁਰਵਿਹਾਰ ਦੇ ਦੋਸ਼ ਲਾਏ
ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਜੁਲਾਈ
ਪਿੰਡ ਖਡਿਆਲੀ (ਤਰੰਜੀ ਖੇੜਾ) ਵਿੱਚ ਦੁੱਧ ਦੀ ਡੇਅਰੀ ਵਿੱਚ ਕਥਿਤ ਨਕਲੀ ਦੁੱਧ ਬਣਾਉਣ ਦੇ ਮਾਮਲੇ ਦੀ ਜਾਂਚ ਕਰ ਰਹੀ ਜਮਹੂਰੀ ਅਧਿਕਾਰ ਸਭਾ ਦੀ ਪੰਜ ਮੈਂਬਰੀ ਕਮੇਟੀ ਨੇ ਮੈਨੇਜਿੰਗ ਡਾਇਰੈਕਟਰ ਵੇਰਕਾ ਮਿਲਕ ਪਲਾਂਟ ਚੰਡੀਗੜ੍ਹ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਸ਼ਿਕਾਇਤ ਭੇਜ ਕੇ ਜੀ.ਐੱਮ. ਮਿਲਕ ਪਲਾਂਟ ਸੰਗਰੂਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ’ਤੇ ਜਾਂਚ ਕਮੇਟੀ ਨਾਲ ਦੁਰਵਿਵਹਾਰ ਕਰਨ, ਸੂਚਨਾ ਦੇਣ ਤੋਂ ਇਨਕਾਰ ਕਰਨ ਅਤੇ ਪੁਲੀਸ ਕੋਲ ਫੜਾਉਣ ਦੀਆਂ ਧਮਕੀਆਂ ਦੇਣ ਦਾ ਦੋਸ਼ ਲਾਇਆ ਹੈ। ਉੱਧਰ ਜੀਐੱਮ ਵੇਰਕਾ ਮਿਲਕ ਪਲਾਂਟ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਭੁਟਾਲ, ਮੀਤ ਪ੍ਰਧਾਨ ਬਸ਼ੇਸ਼ਰ ਰਾਮ, ਸਕੱਤਰ ਕੁਲਦੀਪ ਸਿੰਘ ਅਤੇ ਪ੍ਰੈੱਸ ਸਕੱਤਰ ਜੁਝਾਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਬੀਤੀ 28 ਜੂਨ ਨੂੰ ਪਿੰਡ ਖਡਿਆਲੀ (ਤਰੰਜੀ ਖੇੜਾ) ਵਿੱਚ ਵੇਰਕਾ ਨਾਲ ਸਬੰਧਤ ਸੁਸਾਇਟੀ ਵੱਲੋਂ ਚਲਾਈ ਜਾ ਦੁੱਧ ਦੀ ਡੇਅਰੀ ਵਿੱਚ ਕਥਿਤ ਤੌਰ ’ਤੇ ਨਕਲੀ ਦੁੱਧ ਬਣਾਉਣ/ਮਿਲਾਵਟ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਤੱਕ ਜਾਣ ਲਈ ਜਮਹੂਰੀ ਅਧਿਕਾਰ ਸਭਾ ਦੀ ਕਾਰਜਕਾਰਨੀ ਮੀਟਿੰਗ ਦੌਰਾਨ ਮਾਮਲੇ ਦੀ ਜਾਂਚ ਕਰਨ ਦਾ ਫੈਸਲਾ ਲਿਆ ਗਿਆ ਜਿਸ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ। ਇਸ ਕਮੇਟੀ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਮਿਲ ਕੇ ਰਿਪੋਰਟ ਤਿਆਰ ਕਰਨੀ ਸੀ। ਇਸ ਕੜੀ ਵਜੋਂ ਜਾਂਚ ਟੀਮ ਵੇਰਕਾ ਮਿਲਕ ਪਲਾਂਟ ਸੰਗਰੂਰ ਵੀ ਪਹੁੰਚੀ। ਉਨ੍ਹਾਂ ਦੋਸ਼ ਲਾਇਆ ਕਿ ਪਲਾਂਟ ਦੇ ਅਧਿਕਾਰੀਆਂ ਵੱਲੋਂ ਟੀਮ ਨੂੰ ਖੱਜਲ- ਖੁਆਰ ਕੀਤਾ ਗਿਆ ਅਤੇ ਜੀ.ਐੱਮ. ਵੱਲੋਂ ਟੀਮ ਨੂੰ ਪੁਲੀਸ ਕੋਲ ਫੜਾਉਣ ਦੀਆਂ ਕਥਿਤ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜਾਂਚ ਟੀਮ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਮ. ਡੀ ਵੇਰਕਾ ਚੰਡੀਗੜ੍ਹ ਨੂੰ ਸ਼ਿਕਾਇਤ ਈਮੇਲ ਕਰਕੇ ਜੀ.ਐਮ. ਸੰਗਰੂਰ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਟੀਮ ਮੈਂਬਰਾਂ ਨੇ ਦੱਸਿਆ ਕਿ ਇਸਦੇ ਬਾਵਜੂਦ ਮਿਲਕ ਪਲਾਂਟ ਦੇ ਬਾਕੀ ਕਰਮਚਾਰੀਆਂ, ਸਾਬਕਾ ਕਰਮਚਾਰੀਆਂ, ਬੋਰਡ ਦੇ ਡਾਇਰੈਕਟਰਾਂ, ਚੇਅਰਮੈਨ, ਸਾਬਕਾ ਚੇਅਰਮੈਨਾਂ, ਕਿਸਾਨਾਂ, ਡੇਅਰੀ ਫਾਰਮਿੰਗ ਨਾਲ ਜੁੜੇ ਹੋਏ ਲੋਕਾਂ ਨੂੰ ਮਿਲਕੇ ਜਲਦ ਤੋਂ ਜਲਦ ਰਿਪੋਰਟ ਜਾਰੀ ਕਰੇਗੀ।
ਜੀਐੱਮ ਨੇ ਦੋਸ਼ ਨਕਾਰੇ
ਵੇਰਵਾ ਮਿਲਕ ਪਲਾਂਟ ਸੰਗਰੂਰ ਦੇ ਜੀ.ਐਮ. ਅਨਿਮੇਸ਼ ਪ੍ਰਮਾਨਿਕ ਨੇ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਸਿਰਫ਼ ਏਨਾ ਕਿਹਾ ਸੀ ਕਿ ਜ਼ਿਲ੍ਹਾ ਪੁਲੀਸ ਅਤੇ ਵੇਰਕਾ ਹੈੱਡ ਆਫ਼ਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ’ਤੇ ਉਹ ਰਿਪੋਰਟ ਉਨ੍ਹਾਂ ਨੂੰ ਦੇ ਦੇਣਗੇ। ਇਸ ਤੋਂ ਇਲਾਵਾ ਹੋਰ ਕੋਈ ਗੱਲ ਹੀ ਨਹੀਂ ਹੋਈ।