ਟਿੱਪਰਾਂ ਦੀ ਆਵਾਜਾਈ ਰੋਕਣ ਦੀ ਮੰਗ
ਪਿੰਡ ਬੁੱਕਣਵਾਲ ਦੀ ਪੰਚਾਇਤ ਨੇ ਸਰਪੰਚ ਨਪਿੰਦਰ ਕੌਰ ਦੀ ਪ੍ਰਧਾਨਗੀ ਹੇਠ ਪਿੰਡ ਬੁੱਕਣਵਾਲ ਵਿੱਚੋਂ ਲੰਘਦੇ ਟਿੱਪਰਾਂ ਦੀ ਆਵਾਜਾਈ ’ਤੇ ਰੋਕ ਲਾਉਣ ਦੀ ਮੰਗ ਲਈ ਮਤਾ ਪਾਸ ਕੀਤਾ ਹੈ। ਪੰਚਾਇਤ ਵੱਲੋਂ ਪਾਸ ਕੀਤੇ ਮਤੇ ਨਾਲ ਸਹਿਮਤੀ ਪ੍ਰਗਟਾਉਂਦਿਆਂ ਪਿੰਡ ਵਾਸੀਆਂ ਨੇ ਵੀ ਮਤੇ ’ਤੇ ਦਸਤਖ਼ਤ ਕੀਤੇ। ਪੰਚਾਇਤ ਵੱਲੋਂ ਪਾਸ ਮਤੇ ਦੇ ਸੰਦਰਭ ਵਿੱਚ ਪਿੰਡ ਦੇ ਇੱਕ ਵਫ਼ਦ ਨੇ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਡੀਸੀ ਵਿਰਾਜ ਐੱਸ. ਤਿੜਕੇ ਦੇ ਨਾਂ ਪਿੰਡ ਦੀ ਸੰਪਰਕ ਸੜਕ ’ਤੇ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਤੁਰੰਤ ਰੋਕ ਲਾਉਣ ਲਈ ਮੰਗ ਪੱਤਰ ਏਡੀਸੀ ਸੁਖਪ੍ਰੀਤ ਸਿੰਘ ਸਿੱਧੂ ਨੂੰ ਸੌਂਪਿਆ। ਵਫ਼ਦ ਨੇ ਦੱਸਿਆ ਕਿ ਬੀਤੀ 19 ਅਗਸਤ ਦੀ ਸ਼ਾਮ ਕਰੀਬ ਸੱਤ ਵਜੇ ਅਧਿਆਪਕ ਨਾਇਬ ਸਿੰਘ ਜਦ ਆਪਣੇ ਪਰਿਵਾਰ ਸਮੇਤ ਸੈਰ ਕਰਨ ਜਾ ਰਿਹਾ ਸੀ ਤਾਂ ਸਾਹਮਣਿਓਂ ਆ ਰਹੇ ਟਿੱਪਰ ਨੇ 20 ਮਹੀਨਿਆਂ ਦੀ ਹਰਨਾਜ਼ ਕੌਰ ਨੂੰ ਦਰੜ ਦਿੱਤਾ ਸੀ। ਵਫ਼ਦ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਭਾਰੀ ਵਾਹਨਾਂ ਦੀ ਪਿੰਡ ਦੀ ਸੰਪਰਕ ਸੜਕ ’ਤੇ ਆਵਾਜਾਈ ਤੁਰੰਤ ਬੰਦ ਕਰਵਾਈ ਜਾਵੇ। ਵਫ਼ਦ ਵਿੱਚ ਬਲਵਿੰਦਰ ਸਿੰਘ, ਪੰਚ ਗੁਰਚਰਨ ਸਿੰਘ, ਸਾਬਕਾ ਪੰਚ ਕਰਮਜੀਤ ਸਿੰਘ, ਬਲਵਿੰਦਰ ਸਿੰਘ ਅਤੇ ਮਾਸਟਰ ਨਾਇਬ ਸਿੰਘ ਸ਼ਾਮਲ ਸਨ।