ਨਹਿਰ ਤੇ ਰਜਵਾਹੇ ’ਚ ਡਿੱਗੇ ਦਰੱਖਤ ਚੁਕਵਾਉਣ ਦੀ ਮੰਗ
ਬੀਰਬਲ ਰਿਸ਼ੀ
ਧੂਰੀ, 18 ਜੁਲਾਈ
ਮੁੱਖ ਮੰਤਰੀ ਦੇ ਹਲਕਾ ਧੂਰੀ ਨਾਲ ਸਬੰਧਤ ਨਹਿਰ ਅਤੇ ਡਰੇਨਾਂ ਵਿੱਚ ਮਹੀਨਿਆਂ ਤੋਂ ਡਿੱਗੇ ਪਏ ਕੀਮਤੀ ਦਰਖ਼ਤਾਂ ਦੀ ਹੋ ਰਹੀ ਦੁਰਦਸ਼ਾ ਤੇ ਅਫ਼ਸਰਸ਼ਾਹੀ ਦੀ ਚੁੱਪ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੀ ਹੈ। ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਭੋਜੋਵਾਲੀ ਡਰੇਨ ਅਤੇ ਜਹਾਂਗੀਰ ਨਹਿਰ ’ਤੇ ਡਿੱਗੇ ਦਰਖ਼ਤ ਦਿਖਾਉਂਦੇ ਹੋਏ ਦੱਸਿਆ ਕਿ ਅਪਰੈਲ ਮਹੀਨੇ ਵਿੱਚ ਆਏ ਝੱਖੜ ਮਗਰੋਂ ਪਿੰਡ ਜਹਾਂਗੀਰ ਨਹਿਰ ਵਿੱਚ ਡਿੱਗੇ ਦਰਖ਼ਤ, ਬੱਬਨਪੁਰ ਤੋਂ ਨਿੱਕਲਦੇ ਰਜਵਾਹੇ ਵਿੱਚ ਹਾਲੇ ਤੱਕ ਪਏ ਦਰਖ਼ਤਾਂ ਦਾ ਮਾਮਲਾ ਭਾਵੇਂ ਮੀਡੀਆ ’ਚ ਆ ਚੁੱਕਾ ਹੈ ਪਰ ਵਿਭਾਗ ਨੇ ਅਜੇ ਤਕ ਕਾਰਵਾਈ ਨਹੀਂ ਕੀਤੀ। ਕਿਸਾਨ ਆਗੂ ਅਲਾਲ ਨੇ ਦੱਸਿਆ ਕਿ ਧੂਰੀ-ਸ਼ੇਰਪੁਰ ਸੜਕ ਦੇ ਕੰਢਿਆਂ ’ਤੇ ਪਏ ਦਰਖ਼ਤਾਂ ਦੇ ਟਾਹਣੇ ਹਾਦਸਿਆਂ ਦੀ ਵਜ੍ਹਾ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ ਅੰਦਰ ਅਜਿਹਾ ਹਾਲ ਹੈ ਤਾਂ ਬਾਕੀ ਥਾਵਾਂ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਰਿਹਾ ਹੈ।
ਜੰਗਲਾਤ ਵਿਭਾਗ ਨੂੰ ਸੂਚਿਤਾ ਕੀਤਾ: ਅੱੈਸਡੀਓ
ਨਹਿਰੀ ਵਿਭਾਗ ਦੇ ਐੱਸਡੀਓ ਗੁਰਪਾਲ ਸਿੰਘ ਅਨੁਸਾਰ ਨਹਿਰਾਂ ਤੇ ਰਜਵਾਹਿਆਂ ’ਚੋਂ ਦਰਖ਼ਤ ਕੱਢਣ ਲਈ ਜੰਗਲਾਤ ਵਿਭਾਗ ਨੂੰ ਪੱਤਰ ਲਿਖਿਆ ਜਾ ਚੁੱਕਾ ਹੈ।
ਠੋਸ ਕਾਰਵਾਈ ਕਰਾਂਗੇ: ਐੱਸਡੀਐੱਮ
ਐੱਸਡੀਐੱਮ ਧੂਰੀ ਰਿਸ਼ਵ ਬਾਂਸਲ ਨੇ ਡਰੇਨਾਂ ’ਚ ਪਏ ਦਰਖ਼ਤਾਂ ਦੀਆਂ ਤਸਵੀਰਾਂ ਮੰਗੀਆਂ ਤੇ ਠੋਸ ਕਾਰਵਾਈ ਦਾ ਦਾਅਵਾ ਤੇ ਵਾਅਦਾ ਕੀਤਾ।