ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁੱਟੀ ਸੜਕ ਬਣਾਉਣ ਲਈ ਵਫ਼ਦ ਡੀ ਸੀ ਨੂੰ ਮਿਲਿਆ

ਡੀ ਸੀ ਕੋਠੀ ਤੋਂ ਬਰਨਾਲਾ ਕੈਂਚੀਆਂ ਤੱਕ ਪੁੱਟੀ ਸੜਕ ਮੁੜ ਨਾ ਬਣਾਉਣ ਕਰਕੇ ਲੋਕ ਹੋ ਰਹੇ ਨੇ ਖੱਜਲ-ਖੁਆਰ
ਡੀ ਸੀ ਰਾਹੁਲ ਚਾਬਾ ਨੂੰ ਮੰਗ ਪੱਤਰ ਦਿੰਦੇ ਹੋਏ ਭਾਰਤੀਯ ਅੰਬੇਡਕਰ ਮਿਸ਼ਨ ਦੇ ਪ੍ਰਧਾਨ ਤੇ ਹੋਰ ਪਤਵੰਤੇ।
Advertisement
ਇੱਥੇ ਡੀ ਸੀ ਕੋਠੀ ਰੋਡ ਤੋਂ ਬਰਨਾਲਾ ਕੈਂਚੀਆਂ ਤੱਕ ਪੁੱਟੀ ਸੜਕ ਬਣਾਉਣ ਦੀ ਮੰਗ ਲਈ ਭਾਰਤੀਯ ਅੰਬੇਡਕਰ ਮਿਸ਼ਨ ਦਾ ਵਫ਼ਦ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ। ਇਸ ਮੌਕੇ ਸ੍ਰੀ ਕਾਂਗੜਾ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਵੱਡੇ ਪਾਈਪ ਪਾਉਣ ਲਈ ਡੀ ਸੀ ਕੋਠੀ ਤੋਂ ਬਰਨਾਲਾ ਕੈਂਚੀਆਂ ਤੱਕ ਇੱਕ ਪਾਸੇ ਦੀ ਸੜਕ ਪੁੱਟੀ ਗਈ ਸੀ ਜਿਸ ਦਾ ਕੰਮ ਹੌਲੀ ਰਫ਼ਤਾਰ ਨਾਲ ਕੀਤਾ ਗਿਆ। ਹੁਣ ਕੰਮ ਮੁਕੰਮਲ ਹੋਇਆਂ ਵੀ ਕਈ ਮਹੀਨੇ ਬੀਤ ਚੁੱਕੇ ਹਨ ਪਰ ਪੁੱਟੀ ਹੋਈ ਸੜਕ ਨੂੰ ਹਾਲੇ ਤੱਕ ਦੁਬਾਰਾ ਨਹੀਂ ਬਣਾਇਆ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਮ ਮੁਕੰਮਲ ਹੋਣ ਮਗਰੋਂ ਵੀ ਸੜਕ ਨਾ ਬਣਾਉਣ ਕਾਰਨ ਇਸ ਸੜਕ ਉਪਰ ਆਵਾਜਾਈ ਬੰਦ ਹੈ। ਸਿਰਫ਼ ਇੱਕ ਪਾਸੇ ਦੀ ਸੜਕ ਉਪਰ ਆਉਣ-ਜਾਣ ਲਈ ਆਵਾਜਾਈ ਚੱਲ ਰਹੀ ਹੈ। ਇੱਕ ਪਾਸੇ ਦੀ ਸੜਕ ਤੰਗ ਹੋਣ ਕਾਰਨ ਰੋਜ਼ਾਨਾ ਜਾਮ ਲੱਗਦੇ ਰਹਿੰਦੇ ਹਨ। ਇਸ ਤੋਂ ਇਲਾਵਾ ਪੁੱਟੀ ਸੜਕ ਉਪਰ ਦੁਕਾਨਾਂ ਵਾਲਿਆਂ ਦਾ ਕਾਰੋਬਾਰ ਬਿਲਕੁਲ ਠੱਪ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਈਪਾਂ ਪਾਉਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਤਾਂ ਫ਼ਿਰ ਸੜਕ ਕਿਉਂ ਨਹੀਂ ਬਣਾਈ ਜਾ ਰਹੀ? ਉਨ੍ਹਾਂ ਮੰਗ ਕੀਤੀ ਕਿ ਤੁਰੰਤ ਸੜਕ ਬਣਾ ਕੇ ਆਵਾਜਾਈ ਬਹਾਲ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 5 ਜਨਵਰੀ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਸ਼ਹਿਰ ਨਿਵਾਸੀਆਂ ਸਮੇਤ ਆਵਾਜਾਈ ਠੱਪ ਕਰ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਵਿੱਢਣਗੇ। ਉਨ੍ਹਾਂ ਕਿਹਾ ਕਿ ਜੇਕਰ ਸੜਕ ਦੇ ਅੱਧ ਵਿਚਕਾਰ ਲਟਕ ਰਹੇ ਕੰਮ ਕਾਰਨ ਕਿਸੇ ਦਾ ਜਾਨੀ-ਮਾਲੀ ਨੁਕਸਾਨ ਹੋਇਆ ਤਾਂ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਕ੍ਰਿਸ਼ਨ ਗਰਗ ਸਾਬਕਾ ਕੌਂਸਲਰ, ਸੁਭਾਸ਼ ਕੁਮਾਰ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਸੈਣੀ, ਰਾਣਾ ਬਾਲੂ, ਸਾਜਨ, ਤਰਸੇਮ ਲਾਲ ਅਤੇ ਸਾਗਰ ਚੌਹਾਨ ਹਾਜ਼ਰ ਸਨ। 

 

Advertisement

Advertisement
Show comments