ਮੁੱਖ ਮੰਤਰੀ ਰਾਹਤ ਫੰਡ ਲਈ ਇੱਕ ਦਿਨ ਦੀ ਪੈਨਸ਼ਨ ਦੇਣ ਦਾ ਫ਼ੈਸਲਾ
ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਦੀ ਮਹੀਨਾਵਾਰ ਮੀਟਿੰਗ ਜਰਨੈਲ ਸਿੰਘ ਪੰਜਗਰਾਈਆਂ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਿਛਲੇ ਸਮੇਂ ਵਿੱਛੜ ਚੁੱਕੇ ਪੈਨਸ਼ਨਰਜ਼,ਪੈਨਸ਼ਨਰਜ਼ ਦੇ ਪਰਿਵਾਰਕ ਜੀਆਂ ਅਤੇ ਹੜ੍ਹਾਂ ਦੌਰਾਨ ਵਿੱਛੜ ਚੁੱਕੇ ਪਰਿਵਾਰਾਂ ਦੇ ਜਿਆਂ ਲਈ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਅਰਪਣ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਤਨ ਸਿੰਘ , ਮਿਰਜ਼ਾ ਸਿੰਘ, ਇਕਬਾਲ ਫਰਵਾਲੀ, ਅਜੀਤ ਸਿੰਘ ਧੂਰੀ ਨੇ ਕਿਹਾ ਕਿ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਹੜ੍ਹ ਪੀੜਤਾਂ ਦੀ ਆਰਥਿਕ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਸਤੰਬਰ ਮਹੀਨੇ ਦੀ ਪੈਨਸ਼ਨ ਵਿੱਚੋਂ ਇੱਕ ਦਿਨ ਦੀ ਪੈਨਸ਼ਨ ਦੀ ਕਟੌਤੀ ਕਰਵਾਈ ਜਾਵੇਗੀ। ਆਗੂਆਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਜਾਣ ਵਾਲਾ ਸੰਘਰਸ਼ ਸੂਬਾ ਕਮੇਟੀ ਵੱਲੋਂ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਮੁਅੱਤਲ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਐਸੋਸੀਏਸ਼ਨ ਜੋ ਵੀ ਸੰਘਰਸ਼ ਵਿੱਢੇਗੀ ਉਸ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਆਗੂਆਂ ਵੱਲੋਂ ਮੰਡਲ ਦਫ਼ਤਰ ਨਾਲ ਸਬੰਧਿਤ ਮੰਗਾਂ ਸਬੰਧੀ ਕਿਹਾ ਕਿ ਜੇਕਰ ਮਸਲੇ ਹੱਲ ਨਹੀਂ ਹੁੰਦੇ ਤਾਂ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।