ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੌਤ
ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਝਨੇਰ ਵਿੱਚ ਲੰਘੀ ਰਾਤ ਵਾਪਰੇ ਸੜਕ ਹਾਦਸੇ ’ਚ 50 ਸਾਲਾਂ ਦੇ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਵੀਰ ਸਿੰਘ ਪੁੱਤਰ ਮਾਘ ਸਿੰਘ ਵਾਸੀ ਧਲੇਰ ਕਲਾਂ ਵਜੋਂ ਹੋਈ ਹੈ। ਜਸਵੀਰ ਸਿੰਘ ਸਾਈਕਲ ’ਤੇ ਜਾ ਰਿਹਾ ਸੀ ਜਿਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਮੌਕੇ ’ਤੇ ਉਸ ਦੀ ਮੌਤ ਹੋ ਗਈ।
ਜਸਵੀਰ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਨੇ ਉ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮ੍ਰਿਤਕ ਦੇਹ ਸੜਕ ਕਿਨਾਰੇ ਹੀ ਰੱਖ ਕੇ ਹੀ ਹਾਦਸੇ ਦੇ ਜ਼ਿੰਮੇਵਾਰ ਵਾਹਨ ਚਾਲਕ ਖਿਲਾਫ ਕਾਰਵਾਈ ਦੀ ਮੰਗ ਕੀਤੀ। ਥਾਣਾ ਸੰਦੌੜ ਦੇ ਮੁੱਖ ਅਫਸਰ ਗਗਨਦੀਪ ਸਿੰਘ ਨੇ ਪਿੰਡ ਵਾਸੀਆਂ ਨੂੰ ਕਸੂਰਵਾਰ ਵਾਹਨ ਚਾਲਕ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੰਦੇ ਹੋਏ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਉਣ ਦੀ ਅਪੀਲ ਕੀਤੀ ਪਰ ਪਿੰਡ ਦੇ ਲੋਕ ਵਾਹਨ ਚਾਲਕ ਖਿਲਾਫ ਪੋਸਟ ਮਾਰਟਮ ਕਰਵਾਉਣ ਤੋਂ ਪਹਿਲਾਂ ਕਾਰਵਾਈ ਕਰਨ ਦੀ ਮੰਗ ਤੇ ਅੜੇ ਰਹੇ। ਇਸ ਮਾਮਲੇ ਵਿਚ ਅੱਜ ਸਵੇਰੇ ਪਿੰਡ ਧਲੇਰ ਕਲਾਂ ਦੇ ਲੋਕਾਂ ਨੇ ਇਨਸਾਫ਼ ਨੂੰ ਲੈ ਕੇ ਥਾਣਾ ਸੰਦੌੜ ਅੱਗੇ ਧਰਨਾ ਲਗਾ ਦਿੱਤਾ। ਪਿੰਡ ਧਲੇਰ ਕਲਾਂ ਦੀ ਸਰਪੰਚ ਦੇ ਪਤੀ ਜਸਵੀਰ ਸਿੰਘ ਨੇ ਦੱਸਿਆ ਕਿ ਥਾਣਾ ਸੰਦੌੜ ਵਿਖੇ ਕਿਸਾਨ ਯੂਨੀਅਨ ਦੇ ਨੁਮਾਇੰਦੇ, ਪਿੰਡ ਦੀ ਪੰਚਾਇਤ, ਮੋਹਤਬਰਾਂ ਅਤੇ ਪੁਲਿਸ ਦਰਮਿਆਨ ਹੋਈ ਆਪਸੀ ਗੱਲਬਾਤ ਤੋਂ ਬਾਅਦ ਲੋਕਾਂ ਨੇ ਧਰਨਾ ਸਮਾਪਤ ਕਰ ਦਿੱਤਾ।