ਗ਼ਦਰੀ ਗੁਲਾਬ ਕੌਰ ਦੀ ਬਰਸੀ ਮਨਾਈ
ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਨੇ ਅੱਜ ਬੀਬੀ ਗਦਰੀ ਗੁਲਾਬ ਕੌਰ ਦੀ 100ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਬਖ਼ਸ਼ੀਵਾਲਾ ਵਿਚ ਮਨਾਈ। ਸੰਗਰੂਰ ਨਾਲ ਲੱਗਦੇ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਸ਼ਿਰਕਤ ਕੀਤੀ।
ਸਮਾਰੋਹ ਦੀ ਅਗਵਾਈ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਔਰਤ ਆਗੂ ਹਰਿੰਦਰ ਕੌਰ ਬਿੰਦੂ ਅਤੇ ਜ਼ਿਲ੍ਹਾ ਆਗੂ ਕਮਲ ਕੌਰ ਬਰਨਾਲਾ ਨੇ ਕੀਤੀ। ਬੁਲਾਰਿਆਂ ਨੇ ਬੀਬੀ ਗੁਲਾਬ ਕੌਰ ਦੀ ਲੜਾਕੂ ਜ਼ਿੰਦਗੀ ਅਤੇ ਉਹਨਾਂ ਦੇ ਇਨਕਲਾਬੀ ਯੋਗਦਾਨ ਨੂੰ ਯਾਦ ਕਰਦਿਆਂ ਦੱਸਿਆ ਕਿ ਗਰੀਬੀ ਕਾਰਨ ਫਿਲਪੀਅਨ ਜਾਣ ਤੋਂ ਬਾਅਦ ਜਦੋਂ ਉੱਥੇ ਪੰਜਾਬੀਆਂ ਦੀ ਤਰਸਯੋਗ ਹਾਲਤ ਦੇਖੀ ਤਾਂ ਉਨ੍ਹਾਂ ਦੇ ਮਨ ’ਚ ਆਜ਼ਾਦੀ ਦੀ ਚਿੰਗਾੜੀ ਉਠੀ। ਉਸ ਸਮੇਂ ਅਮਰੀਕਾ ਵਿੱਚ ਚੱਲ ਰਹੀ ਗਦਰ ਲਹਿਰ ਨਾਲ ਪ੍ਰਭਾਵਿਤ ਹੋ ਕੇ ਬੀਬੀ ਗੁਲਾਬ ਕੌਰ ਨੇ ਵੀ ਮਨੀਲਾ ਵਿੱਚ ਜਥਾ ਤਿਆਰ ਕੀਤਾ ਅਤੇ ਗੁਰੂ ਘਰ ਵਿਚ ਜਥਿਆਂ ਨੂੰ ਸੰਬੋਧਨ ਕਰਦਿਆਂ ਦੇਸ਼ ਦੀ ਆਜ਼ਾਦੀ ਲਈ ਸਹੁੰਆਂ ਖਾਧੀਆਂ।
ਬੁਲਾਰਿਆਂ ਨੇ ਯਾਦ ਕਰਵਾਇਆ ਕਿ ਮਨੀਲਾ ਤੋਂ ਭਾਰਤ ਵੱਲ ਆ ਰਹੇ ਗਦਰੀਆਂ ਦੇ ਜਥੇ ’ਤੇ ਕਲਕੱਤਾ ਨੇੜੇ ਬਜਬਜ ਘਾਟ ’ਤੇ ਅੰਗਰੇਜ਼ ਸਰਕਾਰ ਨੇ ਗੋਲੀਆਂ ਚਲਵਾਈਆਂ ਪਰ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਅਤੇ ਬੀਬੀ ਗੁਲਾਬ ਕੌਰ ਸਮੇਤ ਕੁਝ ਗਦਰੀ ਬਚ ਨਿਕਲੇ ਅਤੇ ਪੰਜਾਬ ਵਿੱਚ ਗਦਰ ਲਹਿਰ ਨੂੰ ਹੋਰ ਮਜ਼ਬੂਤ ਕੀਤਾ। 1925 ਵਿੱਚ ਬੀਬੀ ਗੁਲਾਬ ਕੌਰ ਕੋਟਲਾ ਨੌਧ ਸਿੰਘ ਵਾਲਾ ਵਿੱਚ ਸ਼ਹੀਦ ਹੋ ਗਈਆਂ। ਸਮਾਗਮ ਵਿੱਚ ਸਤਪਾਲ ਬੰਗਾ ਦੀ ਅਗਵਾਈ ਹੇਠ ਇਨਕਲਾਬੀ ਨਾਟਕ ਪੇਸ਼ ਕੀਤੇ ਗਏ। ਇਸ ਮੌਕੇ ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾ, ਜਗਤਾਰ ਸਿੰਘ ਕਾਲਾਝਾੜ, ਅਮਰੀਕ ਸਿੰਘ ਗੰਢੂਆਂ ਅਤੇ ਹੋਰ ਆਗੂ ਹਾਜ਼ਰ ਸਨ।
