ਸੱਭਿਆਚਾਰਕ ਮੇਲੇ ਸਾਡੀ ਅਨਮੋਲ ਵਿਰਾਸਤ ਦਾ ਅਮੀਰ ਹਿੱਸਾ: ਅਰਵਿੰਦ ਖੰਨਾ
ਪੰਜਾਬੀ ’ਵਰਸਿਟੀ ਦਾ ਚਾਰ ਰੋਜ਼ਾ ਖੇਤਰੀ ਯੁਵਕ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ
Advertisement
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿੱਚ ਚਾਰ ਰੋਜ਼ਾ ਖੇਤਰੀ ਯੁਵਕ ਮੇਲਾ ਅੱਜ ਅਕਾਲ ਕਾਲਜ ਕੌਂਸਲ ਅਧੀਨ ਚੱਲ ਰਹੀਆਂ ਵੱਖ ਵੱਖ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ। ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਅਕਾਲ ਡਿਗਰੀ ਕਾਲਜ ਦੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਦੱਸਿਆ ਕਿ ਇਸ ਖੇਤਰੀ ਯੁਵਕ ਮੇਲੇ ਵਿੱਚ 52 ਦੇ ਕਰੀਬ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਕਲਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਖੇਤਰੀ ਯੁਵਕ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਭਾਜਪਾ ਸੂਬਾ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵੱਲੋਂ ਸ਼ਮਾਂ ਰੋਸ਼ਨ ਕਰ ਕੇ ਕੀਤਾ ਗਿਆ। ਇਸ ਖੇਤਰੀ ਯੁਵਕ ਮੇਲੇ ਦੇ ਅੱਜ ਪਹਿਲੇ ਦਿਨ ਵੱਖ-ਵੱਖ ਥਾਵਾਂ ’ਤੇ ਬਣਾਈਆਂ ਗਈਆਂ ਚਾਰ ਸਟੇਜਾਂ ਉੱਤੇ ਭੰਗੜਾ, ਮਾਈਮ, ਸਕਿੱਟ, ਸਮੂਹ ਸ਼ਬਦ/ਭਜਨ ਗਾਇਨ, ਸ਼ਾਸਤਰੀ ਸੰਗੀਤ ਗਾਇਨ, ਸੁਗਮ ਸੰਗੀਤ, ਸਮੂਹ ਗਾਇਨ, ਪਰਖ ਮੁਕਾਬਲੇ, ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਪਰਖ ਮੁਕਾਬਲੇ, ਕਰੋਸ਼ੀਏ, ਨਾਲਾ ਬੁਣਨ, ਕਢਾਈ, ਪੱਖੀ ਬਣਾਉਣ, ਗੁੱਡੀਆਂ ਪਟੋਲੇ, ਪਰਾਂਦਾ ਬਣਾਉਣ, ਰੱਸਾ ਵੱਟਣ, ਟੋਕਰੀ ਬਣਾਉਣ, ਪੀੜ੍ਹੀ ਬਣਾਉਣ, ਮਿੱਟੀ ਦੇ ਖਿਡਾਉਣੇ, ਗਿੱਦੋ, ਈਨੂੰ ਬਣਾਉਣ ਦੇ ਮੁਕਾਬਲੇ ਕਰਵਾਏ ਗਏ।ਇਸ ਮੌਕੇ ਮੁੱਖ ਮਹਿਮਾਨ ਸ੍ਰੀ ਅਰਵਿੰਦ ਖੰਨਾ ਨੇ ਕਿਹਾ ਕਿ ਸੱਭਿਆਚਾਰਕ ਮੇਲੇ ਸਾਡੀ ਅਨਮੋਲ ਵਿਰਾਸਤ ਦਾ ਅਮੀਰ ਹਿੱਸਾ ਹਨ ਅਤੇ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀ ਮਿੱਟੀ ਨਾਲ ਜੋੜਨ ਦਾ ਸ਼੍ਰੇਸ਼ਠ ਮਾਧਿਅਮ ਹਨ। ਇਸ ਮੌਕੇ ਕਾਲਜ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਸ੍ਰੀ ਖੰਨਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪਾਵਰਕੌਮ ਦੇ ਐੱਸਸੀ ਸੁਖਵੰਤ ਸਿੰਘ ਧੀਮਾਨ, ਭਾਜਪਾ ਜ਼ਿਲ੍ਹਾ ਪ੍ਰਧਾਨ ਧਰਵਿੰਦਰ ਸਿੰਘ ਦੁੱਲਟ, ਭਾਜਪਾ ਆਗੂ ਪ੍ਰੋ. ਅਰੁਨਜੀਤ ਸਿੰਘ ਸਰਾਓ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਗਰਚਾ, ਸਰਪੰਚ ਬਲਦੇਵ ਸਿੰਘ ਮੌੜ ਅਤੇ ਪੰਜਾਬੀ ਫਿਲਮੀ ਐਕਟਰ ਨਵਦੀਪ ਕਲੇਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲ ਦੇ ਮੁੱਖ ਪ੍ਰਬੰਧਕ ਕੈਪਟਨ ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਮਨਜੀਤ ਸਿੰਘ ਬਾਲੀਆਂ, ਡਾ. ਜਤਿੰਦਰ ਦੇਵ, ਡਾ. ਮੇਜਰ ਸਿੰਘ ਚੱਠਾ, ਡਾ. ਹਰਜਿੰਦਰ ਸਿੰਘ ਇੰਚਾਰਜ ਯੁਵਕ ਭਲਾਈ, ਅਜੀਤ ਉਪ ਦਫ਼ਤਰ ਦੇ ਇੰਚਾਰਜ ਅਤੇ ਉੱਘੇ ਲੇਖਕ ਸੁਖਵਿੰਦਰ ਸਿੰਘ ਫੁੱਲ, ਪ੍ਰਿੰਸੀਪਲ ਡਾ. ਅਮਨਦੀਪ ਕੌਰ, ਪ੍ਰਿੰਸੀਪਲ ਡਾ. ਗੀਤਾ ਠਾਕੁਰ, ਪ੍ਰਿੰਸੀਪਲ ਡਾ. ਸੁਖਦੀਪ ਕੌਰ, ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਬਾਜਵਾ, ਪ੍ਰਿੰਸੀਪਲ ਡਾ. ਵਿਜੈ ਪਲਾਹਾ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
Advertisement
Advertisement
