ਫ਼ਸਲਾਂ ਦਾ ਨੁਕਸਾਨ: ਭਾਕਿਯੂ (ਰਾਜੇਵਾਲ) ਵੱਲੋਂ ਪ੍ਰਤੀ ਏਕੜ 70 ਹਜ਼ਾਰ ਮੁਆਵਜ਼ਾ ਦੇਣ ਦੀ ਮੰਗ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਮੰਗ ਕੀਤੀ ਹੈ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਕਿਸਾਨ-ਮਜ਼ਦੂਰਾਂ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ, ਘਰਾਂ ਢਹਿ ਜਾਣ ’ਤੇ ਮੁੜ ਵਸੇਬੇ ਲਈ 5 ਲੱਖ ਰੁਪਏ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਬਦਲੇ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦੇਵੇ। ਯੂਨੀਅਨ ਨੇ ਪਿੰਡਾਂ ਦੇ ਲੋਕਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇੱਥੇ ਗੁਰਦੁਆਰਾ ਸਾਹਿਬ ਅਕਾਲ ਬੁੰਗਾਂ ਵਿੱਚ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਕਿਸਾਨ-ਮਜ਼ਦੂਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਮੀਟਿੰਗ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਕਸ਼ਮੀਰ ਸਿੰਘ ਘਰਾਚੋਂ ਨੇ ਯੂਨੀਅਨ ਮੈਂਬਰ ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਪਿੰਡਾਂ ਵਿੱਚੋਂ ਕਣਕ, ਆਟਾ, ਚੌਲ, ਦਾਲਾਂ, ਸੁੱਕੀ ਚਾਹ, ਚਾਰ ਅਤੇ ਪਸ਼ੂਆਂ ਲਈ ਤੂੜੀ ਅਤੇ ਹਰਾ-ਚਾਰਾ ਇਕੱਤਰ ਕਰ ਕੇ ਹੜ੍ਹ ਪੀੜਤਾਂ ਦੀ ਮੱਦਦ ਲਈ ਭੇਜਿਆ ਜਾਵੇ। ਆਗੂਆਂ ਨੇ ਕੋਆਪ੍ਰੇਟਿਵ ਸੁਸਾਇਟੀਆਂ ਵਿੱਚ ਡੀਏਪੀ ਖਾਦ ਅਤੇ ਯੂਰੀਆ ਖਾਦ ਦੀ ਘਾਟ ਦਾ ਜ਼ਿਕਰ ਕਰਦਿਆਂ ਸਰਕਾਰ ਤੋਂ ਤੁਰੰਤ ਖਾਦ ਭੇਜਣ ਦੀ ਮੰਗ ਕੀਤੀ।