ਮੀਂਹ ਕਾਰਨ ਰੇਲਵੇ ਸਟੇਸ਼ਨ ਦੀ ਇਮਾਰਤ ’ਚ ਤਰੇੜਾਂ
ਧੂਰੀ ਦੇ ਰੇਲਵੇ ਸਟੇਸ਼ਨ ਦੀ ਕਰੋੜਾਂ ਰੁਪਏ ਖਰਚ ਕੇ ਬਣਾਈ ਨਵੀਂ ਇਮਾਰਤ ਵਿੱਚ ਮੀਂਹ ਕਾਰਨ ਤਰੇੜਾਂ ਆ ਗਈਆਂ ਹਨ। ਇਸ ਵਿੱਚ ਪਾਣੀ ਦੀ ਸਿੱਲ੍ਹ ਇਹ ਗਵਾਹੀ ਭਰਦੀ ਹੈ ਇਮਾਰਤ ਨੂੰ ਬਣਾਉਣ ਸਮੇਂ ਮਾੜਾ ਮੈਟੀਰੀਅਲ ਵਰਤਿਆ ਗਿਆ ਹੈ। ਅੱਜ ਜਦੋਂ ਇਸ ਪ੍ਰਤੀਨਿਧ ਵੱਲੋਂ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ ਤਾਂ ਹਰ ਪਾਸੇ ਸਿੱਲ੍ਹ ਸੀ ਅਤੇ ਇਮਾਰਤ ਦੇ ਉਪਰਲੇ ਹਿੱਸੇ ਵਿੱਚ ਵੱਡੀਆਂ ਵੱਡੀਆਂ ਤਰੇੜਾ ਦੂਰੋਂ ਦਿੱਖ ਰਹੀਆਂ ਸਨ। ਸ਼ਹਿਰ ਦੇ ਮੋਹਤਬਰਾਂ ਕਿਸਾਨ ਆਗੂ ਕਿਰਪਾਲ ਸਿੰਘ ਰਾਜੋਮਾਜਰਾ, ਸੀਨੀਅਰ ਸਿਟੀਜ਼ਨ ਹਰਬੰਸ ਸਿੰਘ ਤੇ ਸਾਧੂ ਸਿੰਘ ਮੀਰਹੇੜੀ ਨੇ ਕਿਹਾ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕਰਨ ਲਈ ਕੇਂਦਰ ਦੇ ਰੇਲਵੇ ਵਿਭਾਗ ਨੇ ਕਰੋੜਾਂ ਰੁਪਏ ਖਰਚ ਕੀਤੇ ਸਨ ਤੇ ਇਸ ਸਟੇਸ਼ਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਨਲਾਈਨ ਕੀਤਾ ਗਿਆ ਸੀ ਪਰ ਫਿਰ ਵੀ ਇਸ ਰੇਲਵੇ ਸਟੇਸ਼ਨ ਦੀ ਇਮਾਰਤ ਦਾ ਇਹ ਹਾਲ ਹੋਣਾ ਕੇਦਰ ਸਰਕਾਰ ਦੇ ਪੈਸੇ ਦੀ ਸਹੀ ਵਰਤੋਂ ਨਾ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਰੇਲਵੇ ਸਟੇਸ਼ਨ ’ਤੇ ਸਫ਼ਾਈ ਪ੍ਰਬੰਧਾਂ ਦੀ ਘਾਟ ਰੜਕਦੀ ਹੈ। ਦੂਜੇ ਪਾਸੇ ਸੀਨੀਅਰ ਡੀਓਐੱਮ ਰਾਹੁਲ ਕੁਮਾਰ ਨੇ ਇਸ ਸਬੰਧੀ ਰੇਲਵੇ ਦੇ ਅਧਿਕਾਰੀਆਂ ਨੂੰ ਜਾਂਚ ਕਰਨ ਲਈ ਆਖਿਆ ਹੈ।