ਕੌਂਸਲਰਾਂ ਨੇ ਕੌਂਸਲ ਦਫ਼ਤਰ ਨੂੰ ਤਾਲਾ ਜੜਿਆ
ਅੱਜ ਸਵੇਰੇ ਕਰੀਬ 11 ਵਜੇ ਵਾਰਡ ਨੰਬਰ 2 ਤੋਂਂ ਕੌਂਸਲਰ ਜਗਜੀਤ ਸਿੰਘ ਕਾਲਾ, ਵਾਰਡ ਨੰਬਰ 22 ਤੋਂ ਕੌਂਸਲਰ ਅਵਤਾਰ ਸਿੰਘ ਤਾਰਾ, ਵਾਰਡ ਨੰਬਰ 10 ਤੋਂ ਕੌਂਸਲਰ ਪ੍ਰਦੀਪ ਪੁਰੀ, ਵਾਰਡ ਨੰਬਰ 26 ਤੋਂ ਕੌਂਸਲਰ ਪਰਮਿੰਦਰ ਸਿੰਘ ਪਿੰਕੀ, ਵਾਰਡ ਨੰਬਰ 24 ਤੋਂ ਹਰਪ੍ਰੀਤ ਸਿੰਘ ਹੈਪੀ, ਵਾਰਡ ਨੰਬਰ 25 ਤੋਂ ਕੌਂਸਲਰ ਤੇ ਜੂਨੀਅਰ ਮੀਤ ਪ੍ਰਧਾਨ ਪ੍ਰੀਤ ਜੈਨ ਦੇ ਪਤੀ ਅਤੇ ਵਾਰਡ ਨੰਬਰ 4 ਤੋਂ ਕੌਂਸਲਰ ਗੁਰਦੀਪ ਕੌਰ ਦੇ ਪਤੀ ਹਰਬੰਸ ਲਾਲ ਨਗਰ ਕੌਂਸਲਰ ਦਫ਼ਤਰ ਪੁੱਜੇ ਅਤੇ ਦਫ਼ਤਰ ਦੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ। ਕੌਸ਼ਲਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸ਼ਹਿਰ ਦੇ ਮਾੜੇ ਹਾਲਾਤ ਲਈ ਜ਼ਿੰਮੇਵਾਰ ਠਹਿਰਾਇਆ।
ਕੌਂਸਲਰਾਂ ਨੇ ਦੋਸ਼ ਲਾਇਆ ਕਿ ਸ਼ਹਿਰ ਵਿਚ ਸੀਵਰੇਜ ਦੀ ਸਮੱਸਿਆ ਗੰਭੀਰ ਹੋ ਚੁੱਕੀ ਹੈ ਅਤੇ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਕੂੜੇ ਦਾ ਵੱਡੇ-ਵੱਡੇ ਢੇਰ ਲੱਗ ਗਏ ਹਨ ਅਤੇ ਸਫ਼ਾਈ ਦੇ ਮਾੜਾ ਹਾਲ ਹੈ। ਅਜਿਹੇ ਹਾਲਾਤ ਵਿੱਚ ਸ਼ਹਿਰ ਦੇ ਲੋਕ ਡੇਂਗੂ ਅਤੇ ਚਿਕਨਗੁਨੀਆਂ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸ਼ਹਿਰ ਵਿੱਚ ਸਟਰੀਟ ਲਾਈਟਾਂ ਦੇ ਪ੍ਰਬੰਧ ਨਾਕਸ ਹਨ ਅਤੇ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਕਾਰਨ ਲੋਕਾਂ ਨੂੰ ਰੋਜ਼ ਅਨੇਕਾਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਕਈ ਸੜਕਾਂ ਸਮੇਤ ਕਈ ਵਿਕਾਸ ਕਾਰਜਾਂ ਦੇ ਵਰਕ ਆਰਡਰ ਹੋ ਚੁੱਕੇ ਹਨ ਪਰ ਕੰਮ ਸ਼ੁਰੂ ਨਹੀਂ ਕਰਵਾਏ ਜਾ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਦਫ਼ਤਰ ਨੂੰ ਤਾਲਾ ਲਾਉਣ ਸਮੇਂ ਸਾਰਾ ਸਟਾਫ਼ ਨਗਰ ਕੌਂਸਲ ਦਫ਼ਤਰ ਦੇ ਅੰਦਰ ਸੀ।
ਘੰਟੇ ਤੋਂ ਵੱਧ ਸਮੇਂ ਮਗਰੋਂ ਤਾਲਾ ਖੁੱਲ੍ਹਿਆ
ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਪੁਲੀਸ ਦੇ ਇੰਚਾਰਜ ਮੌਕੇ ’ਤੇ ਪੁੱਜੇ ਅਤੇ ਮਾਮਲਾ ਸ਼ਾਂਤ ਕਰਵਾਇਆ ਤੇ ਕਰੀਬ ਇੱਕ ਘੰਟੇ ਤੋਂ ਵੱਧ ਸਮੇਂ ਮਗਰੋਂ ਤਾਲਾ ਖੁੱਲ੍ਹਿਆ। ਦੂਜੇ ਪਾਸੇ, ਰੈਸਟ ਹਾਊਸ ਵਿੱਚ ਪੁੱਜੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੇ ਹਨ ਕਿ ਕੌਂਸਲਰਾਂ ਨਾਲ ਮੀਟਿੰਗ ਕਰ ਕੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ।
