ਡੇਅਰੀਆਂ ਸ਼ਹਿਰ ’ਚੋਂ ਬਾਹਰ ਕੱਢਣ ਲਈ ਨਿਗਮ ਸਖ਼ਤ
ਨਗਰ ਨਿਗਮ ਪਟਿਆਲਾ ਨੇ ਸ਼ਹਿਰ ’ਚ ਚੱਲ ਰਹੀਆਂ ਡੇਅਰੀਆਂ ਨੂੰ ਨਗਰ ਨਿਗਮ ਦੀ ਹਦੂਦ ’ਚੋਂ ਬਾਹਰ ਕੱਢਣ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਨਿਗਮ ਕਮਿਸ਼ਨਰ ਪਰਮਜੀਤ ਸਿੰਘ ਨੇ ਆਖਿਆ ਕਿ ਡੇਅਰੀਆਂ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਹੁਤ ਜਲਦ ਹੀ ਡੇਅਰੀ ਮਾਲਕਾਂ ਨਾਲ ਵੀ ਇਸ ਸਬੰਧੀ ਮੀਟਿੰਗ ਕੀਤੀ ਜਾਵੇਗੀ। ਇਸ ਵਿਸ਼ੇਸ਼ ਮੀਟਿੰਗ ਵਿਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਸਮੱਸਿਆਵਾਂ ਨੂੰ ਦੇਖਦਿਆਂ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਸ਼ਹਿਰ ਵਿੱਚ ਮੌਜੂਦ ਸਾਰੀਆਂ ਡੇਅਰੀਆਂ ਨੂੰ ਆਗਾਮੀ 25 ਦਸੰਬਰ 2025 ਤੱਕ ਨਗਰ ਨਿਗਮ ਦੀ ਹਦੂਦ ਤੋਂ ਬਾਹਰ ਸ਼ਿਫਟ ਕਰਨਾ ਲਾਜ਼ਮੀ ਹੈ। ਡੇਅਰੀ ਮਾਲਕਾਂ ਨੂੰ ਨਿਰਧਾਰਿਤ ਮਿਤੀ ਤੱਕ ਆਪਣੀ ਡੇਅਰੀ ਖੁਦ ਬਾਹਰ ਸਥਾਪਤ ਕਰਨ ਦੀ ਹਦਾਇਤ ਕੀਤੀ ਗਈ ਹੈ। ਮੇਅਰ ਅਤੇ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਡੇਅਰੀ ਮਾਲਕ 30 ਦਸੰਬਰ 2025 ਤੱਕ ਡੇਅਰੀਆਂ ਤਬਦੀਲ ਨਹੀਂ ਕਰਦਾ ਤਾਂ ਨਗਰ ਨਿਗਮ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਤਹਿਤ ਉਨ੍ਹਾਂ ਦੇ ਪਾਣੀ ਅਤੇ ਸੀਵਰੇਜ ਕੁਨੈਕਸ਼ਨ ਤੁਰੰਤ ਕੱਟ ਦਿੱਤੇ ਜਾਣਗੇ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸ਼ਹਿਰ ’ਚ ਸਫ਼ਾਈ, ਸਿਹਤ ਸੁਰੱਖਿਆ ਅਤੇ ਵਿਕਾਸ ਕਾਰਜ ਜਾਰੀ ਰੱਖਣ ਲਈ ਇਹ ਫੈਸਲਾ ਬਹੁਤ ਜ਼ਰੂਰੀ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੀਟਿੰਗ ਰਾਜਿੰਦਰ ਚੋਪੜਾ ਨਿਗਰਾਨ ਇੰਜਨੀਅਰ, ਜਤਿੰਦਰਪਾਲ ਸਿੰਘ ਨਿਗਰਾਨ ਇੰਜਨੀਅਰ, ਸੁਰਜੀਤ ਸਿੰਘ ਚੀਮਾ ਸਕੱਤਰ, ਨਰਾਇਣ ਦਾਸ ਨਿਗਮ ਇੰਜਨੀਅਰ, ਦਰਪਨ ਕੁਮਾਰ ਸੁਪਰਡੈਂਟ ਲੈਂਡ ਸ਼ਾਖਾ ਅਤੇ ਸ਼੍ਰੀ ਰਿਸ਼ਭ ਗੁਪਤਾ ਸੈਨੇਟਰੀ ਇੰਸਪੈਕਟਰ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ। ਵਿਧਾਇਕ ਕੋਹਲੀ, ਮੇਅਰ ਕੁੰਦਨ ਗੋਗੀਆ ਤੇ ਨਿਗਮ ਕਮਿਸ਼ਨਰ ਪਰਮਜੀਤ ਨੇ ਦੱਸਿਆ ਕਿ ਮੱਝਾਂ ਦਾ ਗੋਬਰ ਤੇ ਮਲ-ਮੂਤਰ ਬਗੈਰ ਸਹੀ ਪ੍ਰਬੰਧਨ ਤੋਂ ਸਿੱਧਾ ਸੀਵਰੇਜ ਲਾਈਨਾਂ ਵਿਚ ਜਾਂਦਾ ਹੈ, ਜਿਸ ਕਾਰਨ ਸੀਵਰੇਜ ਸਿਸਟਮ ਬਲਾਕ ਹੋ ਰਿਹਾ ਹੈ। ਇਸ ਬਲਾਕੇਜ ਦੀ ਸਫਾਈ ਲਈ ਹਰ ਸਾਲ ਕਰੋੜਾਂ ਰੁਪਏ ਦਾ ਖਰਚਾ ਨਗਰ ਨਿਗਮ ਨੂੰ ਝੱਲਣਾ ਪੈ ਰਿਹਾ ਹੈ, ਜੋ ਨਿਗਰ ਨਿਗਮ ਦੇ ਵਿੱਤੀ ਬਜਟ ਉੱਤੇ ਭਾਰੀ ਬੋਝ ਹੈ। ਇਸਦੇ ਨਾਲ-ਨਾਲ ਡੇਅਰੀਆਂ ਦੀ ਬਦਬੂ ਤੇ ਮੱਖੀਆਂ ਕਾਰਨ ਸ਼ਹਿਰ ਵਾਸੀਆਂ ਦੀ ਸਿਹਤ ’ਤੇ ਵੀ ਗੰਭੀਰ ਪ੍ਰਭਾਵ ਪੈ ਰਿਹਾ ਹੈ।
