ਨਿਗਮ ਨੇ ਅਧੂਰੇ ਵਿਕਾਸ ਕਾਰਜ ਨਿਬੇੜਨ ਲਈ ਟੀਮਾਂ ਬਣਾਈਆਂ
ਪਟਿਆਲਾ ਸ਼ਹਿਰ ਵਿੱਚ ਸੜਕਾਂ ਅਤੇ ਗਲ਼ੀਆਂ ਦੀ ਮੁਰੰਮਤ ਅਤੇ ਨਿਕਾਸੀ ਨਾਲੀਆਂ ਦੇ ਅਪਰੇਸ਼ਨ ਐਂਡ ਮੈਨਟੇਨੈਂਸ ਸਬੰਧੀ ਕੰਮਾਂ ਨੂੰ ਤੇਜ਼ੀ ਨਾਲ ਨਿਬੇੜਨ ਲਈ ਮੇਅਰ ਕੁੰਦਨ ਗੋਗੀਆ ਨੇ ਅੱਜ ਨਿਗਮ ਦੇ ਐੱਸ ਈ ਅਤੇ ਜੇਈਜ਼ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸ਼ਹਿਰ ਦੇ ਸਮੂਹ 60 ਵਾਰਡਾਂ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਦੇ ਤੁਰੰਤ ਨਿਬੇੜੇ ਲਈ ਨਵੀਂ ਪ੍ਰਣਾਲੀ ਲਾਗੂ ਕਰਨ ਦਾ ਫੈਸਲਾ ਲਿਆ ਗਿਆ। ਮੇਅਰ ਨੇ ਦੱਸਿਆ ਕਿ ਨਗਰ ਨਿਗਮ ਨੇ ਤਿੰਨ ਖ਼ਾਸ ਟੀਮਾਂ ਤਿਆਰ ਕੀਤੀਆਂ ਹਨ, ਜੋ ਰੋਜ਼ ਤਿੰਨ ਵਾਰਡਾਂ ਵਿੱਚ ਜਾ ਕੇ ਸਿਵਲ ਅਤੇ ਅਪਰੇਸ਼ਨ ਐਂਡ ਮੈਨਟੇਨੈਂਸ ਸਬੰਧੀ ਸਮੱਸਿਆਵਾਂ ਦਾ ਨਿਪਟਾਰਾ ਯਕੀਨੀ ਬਣਾਉਣਗੀਆਂ। ਇਸ ਤਰ੍ਹਾਂ 60 ਵਾਰਡਾਂ ਵਿੱਚ ਸਾਰੇ ਮੁੱਦਿਆਂ ਨੂੰ ਸ਼ਡਿਊਲ ਮੁਤਾਬਕ ਕੁਝ ਹਫ਼ਤਿਆਂ ਵਿੱਚ ਪੂਰੀ ਤਰ੍ਹਾਂ ਨਿਪਟਾਉਣ ਦਾ ਟੀਚਾ ਵੀ ਮਿਥਿਆ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਕੰਮਾਂ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ ਅਤੇ ਟੀਮਾਂ ਨੂੰ ਹਰ ਕੰਮ ਮਿਆਰ ਅਤੇ ਨਿਰਧਾਰਤ ਸਮੇਂ ਅਨੁਸਾਰ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
