ਵਿਵਾਦਤ ਪੋਸਟ ਸਾਂਝੀ ਕਰਨ ’ਤੇ ਵਿਵਾਦ ਭਖ਼ਿਆ
ਦਿੜ੍ਹਬਾ ਦੇ ਸਮਾਜ ਸੇਵੀ ਇੰਦਰਜੀਤ ਸ਼ਰਮਾ ਨੇ ਕਿਹਾ ਕਿ ਧਰਮ ਸਰਬ ਸਾਂਝਾ ਹੁੰਦਾ ਹੈ ਪਰ ਡਾਕਟਰ ਵੱਲੋਂ ਮਾਤਾ ਰਾਣੀ ਦੀ ਗਲਤ ਵੀਡੀਓ ਸ਼ੇਅਰ ਕਰਕੇ ਜਿੱਥੇ ਹਿੰਦੂ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚਾਈ ਹੈ, ਉੱਥੇ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਖ਼ਤਮ ਕਰਨ ਦੀ ਕੋਸ਼ਿਸ ਕੀਤੀ ਗਈ ਹੈ। ਰਜੇਸ਼ ਕੁਮਾਰ ਗੋਪ ਨੇ ਕਿਹਾ ਕਿ ਦਿੜ੍ਹਬਾ ਦੇ ਇੱਕ ਡਾਕਟਰ ਨੇ ਹਿੰਦੂ ਦੇਵੀ-ਦੇਵਤਿਆਂ ਖ਼ਿਲਾਫ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨਾਲ ਹਿੰਦੂ ਭਰਾਵਾਂ ਨੂੰ ਧਾਰਮਿਕ ਠੇਸ ਪਹੁੰਚੀ ਹੈ। ਮੰਦਰ ਦੇ ਪੁਜਾਰੀ ਰਿੰਕੂ, ਸੁਭਮ ਗਰਗ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਸਿੰਘ ਆਦਿ ਨੇ ਕਿਹਾ ਕਿ ਦਿੜ੍ਹਬਾ ਵਿੱਚ ਸਾਰੇ ਧਰਮਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਬਰਕਰਾਰ ਹੈ ਪਰ ਇਸ ਪੋਸਟ ਨਾਲ ਹਿੰਦੂ ਧਰਮ ਦੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪੁੱਜੀ ਹੈ, ਜਿਸ ਕਰਕੇ ਸਬੰਧਿਤ ਡਾਕਟਰ ਖ਼ਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮੁਕੱਦਮਾ ਦਰਜ ਕਰਕੇ ਉਸ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਦਿੜ੍ਹਬਾ ਥਾਣੇ ਦੇ ਐੱਸਐੱਚਓ ਇੰਸਪੈਕਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਪੋਸਟ ਪਾਉਣ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।