ਸੁਰੱਖਿਆ ਲੈਣ ਲਈ ਹਮਲਾ ਕਰਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼
ਇੱਥੋਂ ਦੀ ਜ਼ਿਲ੍ਹਾ ਪੁਲੀਸ ਵਲੋਂ ਸਰਕਾਰੀ ਸੁਰੱਖਿਆ ਲੈਣ ਦੇ ਮਕਸਦ ਨਾਲ ਆਪਣੇ ਉਪਰ ਹਮਲਾ ਕਰਵਾਉਣ ਦੀ ਰਚੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲੀਸ ਵਲੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 1 ਪਿਸਟਲ 32 ਬੋਰ ਸਮੇਤ 2 ਜ਼ਿੰਦਾ ਕਾਰਤੂਸ, 1 ਖੋਲ, ਵਾਰਦਾਤ ਸਮੇਂ ਵਰਤੀ ਗੱਡੀ ਅਤੇ 50 ਹਜ਼ਾਰ ਰੁਪਏ ਨਗਦ ਬਰਾਮਦ ਕੀਤੇ ਹਨ। ਸਾਜਿਸ਼ ਰਚ ਕੇ ਸੁਰੱਖਿਆ ਲੈਣ ਦੇ ਸੁਪਨੇ ਵੇਖਣ ਵਾਲਾ ਬਾਬਾ ਹਾਲੇ ਫ਼ਰਾਰ ਹੈ।
ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਬੀਤੀ 29 ਜੁਲਾਈ ਨੂੰ ਮਿਲਨਜੋਤ ਸਿੰਘ ਵਾਸੀ ਥਿੰਦ ਪੱਤੀ ਸ਼ੇਰਪੁਰ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਹ ਕਥਾਵਾਚਕ ਦਾ ਕੰਮ ਕਰਦਾ ਹੈ ਜੋ ਮੁਹਾਲੀ ਤੋਂ ਸਕਾਰਪੀਓ ਅਤੇ ਉਸ ਦਾ ਰਿਸ਼ਤੇਦਾਰ ਜਸਵਿੰਦਰ ਸਿੰਘ ਸਵਿਫ਼ਟ ਡਿਜ਼ਾਇਰ ’ਤੇ ਵਾਪਸ ਘਰ ਸ਼ੇਰਪੁਰ ਆ ਰਹੇ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਗੱਡੀ ਰਾਹੀਂ ਉਨ੍ਹਾਂ ਦਾ ਪਿੱਛਾ ਕੀਤਾ। ਉਹ ਆਪਣੇ ਘਰ ਪੁੱਜਾ ਅਤੇ ਰਿਸ਼ਤੇਦਾਰ ਵੀ ਆਪਣੀ ਕਾਰ ਘਰ ਦੇ ਬਾਹਰ ਖੜ੍ਹਾ ਕੇ ਘਰ ਅੰਦਰ ਚਲਾ ਗਿਆ ਤਾਂ ਏਨੇ ਵਿਚ ਉਨ੍ਹਾਂ ਦਾ ਪਿੱਛਾ ਕਰਨ ਵਾਲੀ ਗੱਡੀ ’ਚ ਸਵਾਰ ਤਿੰਨ ਵਿਅਕਤੀਆਂ ਵਿਚੋਂ ਇੱਕ ਨੇ ਉਸ ਦੇ ਰਿਸ਼ਤੇਦਾਰ ਜਸਵਿੰਦਰ ਸਿੰਘ ਦੀ ਕਾਰ ਦੇ ਸ਼ੀਸ਼ੇ ਉਪਰ ਫਾਇਰ ਮਾਰਿਆ ਅਤੇ ਫ਼ਰਾਰ ਹੋ ਗਏ। ਪੁਲੀਸ ਨੇ ਮਿਲਨਜੋਤ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਸੀ।
ਸ੍ਰੀ ਚਾਹਲ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੌਰਾਨ ਸਾਹਮਣੇ ਆਇਆ ਕਿ ਮਿਲਨਜੋਤ ਸਿੰਘ ਨੇ ਸਰਕਾਰੀ ਸੁਰੱਖਿਆ ਲੈਣ ਲਈ ਆਪਣੇ ਸਾਢੂ ਜਸਵਿੰਦਰ ਸਿੰਘ ਨਾਲ ਸਾਜ਼ਬਾਜ਼ ਕਰਕੇ ਅਚਲ ਸਿੰਗਲਾ ਉਰਫ਼ ਲੱਕੀ ਵਾਸੀ ਚੰਡੀਗੜ੍ਹ, ਪਿਊਸ਼ ਗੁਪਤਾ ਉਰਫ਼ ਛੋਟੂ ਵਾਸੀ ਗਿੱਦੜਬਾਹਾ ਜ਼ਿਲ੍ਹਾ ਮੁਕਤਸਰ ਸਾਹਿਬ, ਮਨੀਸ਼ ਕੁਮਾਰ ਉਰਫ਼ ਟੀਟੂ ਵਾਸੀ ਰਾਏਕੇ ਖੁਰਦ ਜ਼ਿਲ੍ਹਾ ਬਠਿੰਡਾ ਨੂੰ 1 ਲੱਖ 20 ਹਜ਼ਾਰ ਰੁਪਏ ਦੇ ਕੇ ਇਹ ਵਾਰਦਾਤ ਖੁਦ ਕਰਵਾਈ ਹੈ। ਪੁਲੀਸ ਨੇ ਕੇਸ ਵਿਚ ਧਰਾਵਾਂ ਦਾ ਵਾਧਾ ਕਰਕੇ ਅਚਲ ਸਿੰਗਲਾ ਉਰਫ਼ ਲੱਕੀ, ਪਿਊਸ ਗੁਪਤਾ, ਮਨੀਸ਼ ਕੁਮਾਰ ਉਰਫ਼ ਟੀਟੂ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਮਿਲਨਜੋਤ ਸਿੰਘ ਅਜੇ ਫ਼ਰਾਰ ਹੈ।