‘ਆਪ’ ਦੀ ਧੱਕੇਸ਼ਾਹੀ ਦਾ ਜਵਾਬ ਦੇਣ ਲਈ ਤਿਆਰ: ਕੰਬੋਜ
ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸੱਤਾ ਧਿਰ ਉੱਤੇ ਗੰਭੀਰ ਦੋਸ਼ ਲਗਾਏ ਹਨ। ਕਾਂਗਰਸ ਪਾਰਟੀ ਦਫ਼ਤਰ ਵਿੱਚ ਉਮੀਦਵਾਰਾਂ ਹੱਕ ਵਿੱਚ ਬੁਲਾਈ ਮੀਟਿੰਗ ਦੌਰਾਨ ਸ੍ਰੀ ਕੰਬੋਜ ਨੇ ਦੋਸ਼ ਲਾਇਆ ਕਿ ਨਾਮਜ਼ਦਗੀ ਭਰਨ ਦੇ ਦਿਨ ਹਲਕਾ ਰਾਜਪੁਰਾ ਵਿੱਚ ਧੱਕੇਸ਼ਾਹੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਉਮੀਦਵਾਰਾਂ ਨੂੰ ਅੰਦਰ ਜਾਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸਥਿਤੀ ਤੋਂ ਵਾਕਫ਼ ਕਰਵਾਇਆ ਗਿਆ, ਜਿਸ ਤੋਂ ਬਾਅਦ ਐੱਸ ਡੀ ਐੱਮ ਨੇ ਉਮੀਦਵਾਰਾਂ ਨੂੰ ਅੰਦਰ ਸੱਦਿਆ ਪਰ ਅੰਦਰ ਸੱਤਾਧਾਰੀ ਧਿਰ ਵੱਲੋਂ ਖੜ੍ਹਾਏ ਗਏ ਬੰਦੇ ਉਮੀਦਵਾਰਾਂ ਦੀਆਂ ਫਾਈਲਾਂ ਤੱਕ ਖੋਹਦੇ ਰਹੇ। ਸ੍ਰੀ ਕੰਬੋਜ ਨੇ ਕਿਹਾ ਕਿ ਇਸ ਧੱਕੇਸ਼ਾਹੀ ਦਾ ਸਿੱਧਾ ਜਵਾਬ ਲੋਕ ਚੋਣਾਂ ਵਿੱਚ ਦੇਣਗੇ। ਸ੍ਰੀ ਕੰਬੋਜ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਦੇ ਦੌਰਾਨ ਹਲਕੇ ਵਿੱਚ 9 ਪੁਲਾਂ ਦੀ ਉਸਾਰੀ ਹੋਈ ਸੀ ਅਤੇ ਸਿਵਲ ਹਸਪਤਾਲ ਰਾਜਪੁਰਾ ਨੂੰ ਕਾਇਆ ਕਲਪ ਸਕੀਮ ਤਹਿਤ ਪਹਿਲਾ ਸਥਾਨ ਪ੍ਰਾਪਤ ਹੋਇਆ ਸੀ ਪਰ ਅੱਜ ਹਾਲਤ ਇਹ ਹੈ ਕਿ ਹਸਪਤਾਲ ਦੇ ਬੈੱਡਾਂ ਦਾ ਬੁਰਾ ਹਾਲ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਸੱਤਾਧਾਰੀ ਧਿਰ ਦੀ ਧੱਕੇਸ਼ਾਹੀ ਤੋਂ ਡਰੇ ਬਿਨਾਂ ਕਾਂਗਰਸ ਦੇ ਉਮੀਦਵਾਰਾਂ ਦਾ ਸਾਥ ਦੇਣ।
ਚੋਣਾਂ ਵਿਚ ਸੱਤਾਧਾਰੀ ਧਿਰ ਵੱਲੋਂ ਧੱਕੇਸ਼ਾਹੀ ਦੇ ਖ਼ਦਸ਼ੇ ਤਹਿਤ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰੀ ਕੰਬੋਜ ਕਿਹਾ ਕਿ ਕਾਂਗਰਸ ਪਾਰਟੀ ਅਤੇ ਉਸ ਦੇ ਵਰਕਰ ਧੱਕੇਸ਼ਾਹੀ ਦਾ ਜਵਾਬ ਦੇਣ ਲਈ ਤਿਆਰ ਹਨ। ਇਸ ਮੌਕੇ ਬਲਦੇਵ ਸਿੰਘ ਗੱਦੋਮਾਜਰਾ, ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਬੂਟਾ ਸਿੰਘ ਪਿਲਖਣੀ, ਐਡਵੋਕੇਟ ਅਭਿਨਵ ਓਬਰਾਏ, ਮਲਕੀਤ ਸਿੰਘ ਉੱਪਲਹੇੜੀ, ਜੱਗਾ ਕੋਟਲਾ, ਗੁਰਧਿਆਨ ਸਿੰਘ ਨੈਣਾਂ, ਪੰਮੀ ਉਗਾਣੀ ਅਤੇ ਹੋਰ ਹਾਜ਼ਰ ਸਨ।
