ਪੰਜਾਬ ਅੰਦਰ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ: ਡਾਲਵੀ
ਆਲ ਇੰਡੀਆ ਕਾਂਗਰਸ ਦੇ ਸੈਕਟਰੀ ਰਵਿੰਦਰ ਡਾਲਵੀ ਦੀ ਅਗਵਾਈ ਹੇਠ ਧੂਰੀ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਰਕਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਹਲਕੇ ਦੇ ਕੋਆਰਡੀਨੇਟਰ ਗੁਰਮੇਲ ਸਿੰਘ ਮੋੜ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਸਿੰਘ ਸਿਵੀਆ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਸੀਨੀਅਰ ਕਾਂਗਰਸੀ ਆਗੂ ਹੰਸ ਰਾਜ ਗੁਪਤਾ, ਗੁਰਬਖਸ਼ ਸਿੰਘ ਗੁੱਡੂ, ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ, ਕਿਸਾਨ ਵਿੰਗ ਪੰਜਾਬ ਦੇ ਜਰਨਲ ਸੈਕਟਰੀ ਹਰਦੀਪ ਸਿੰਘ ਦੋਲਤਪੁਰ, ਅੰਮ੍ਰਿਤ ਬਰਾੜ ਕਾਂਝਲਾ, ਗੁਰਪਿਆਰ ਸਿੰਘ ਧੂਰਾ, ਲਖਮੀਰ ਸਿੰਘ ਬਮਾਲ ਹਾਜ਼ਰ ਸਨ। ਇਸ ਮੌਕੇ ਰਾਵਿੰਦਰ ਡਾਲਵੀ ਨੇ ਕਿਹਾ ਕਿ ਸੂਬੇ ’ਚ ਪਾਰਟੀ ਵਰਕਰਾਂ ਨਾਲ ਅਜਿਹੀਆਂ ਮੀਟਿੰਗਾਂ ਕਰਕੇ ਵਰਕਰਾਂ ਨੂੰ ਪੰਜਾਬ ਸਰਕਾਰ ਦੀਆਂ ਵਧੀਕੀਆਂ ਖ਼ਿਲਾਫ਼ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ, ਜੇ ਪੰਜਾਬ ਅੰਦਰ ਕਾਂਗਰਸ ਪਾਰਟੀ ਦਾ ਕੋਈ ਵੀ ਵੱਡਾ ਜਾਂ ਛੋਟਾ ਆਗੂ ਪਾਰਟੀ ਦੀ ਮਰਿਆਦਾ ਭੰਗ ਕਰੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਪ ਆਗੂ ਮਨੀਸ਼ ਸਿਸੋਦੀਆ ਦੇ ਬਿਆਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਲੋਕ ਧੱਕੇਸ਼ਾਹੀ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰਦੇ।