ਮਾਲੇਰਕੋਟਲਾ ਹਾਊਸ ’ਚ ਕਾਂਗਰਸੀ ਆਗੂਆਂ ਦੀ ਮੀਟਿੰਗ
ਪੰਜਾਬ ਅੰਦਰ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਕਾਂਗਰਸੀ ਆਗੂਆਂ ਅਤੇ ਸਰਗਰਮ ਵਰਕਰਾਂ ਦੀਆਂ ਡਿਊਟੀਆਂ ਨਿਰਧਾਰਤ ਕਰਨ ਵਾਸਤੇ ਅੱਜ ਸਾਬਕਾ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਅਤੇ ਪਾਰਟੀ ਦੀ ਹਲਕਾ ਇੰਚਾਰਜ ਬੀਬਾ ਨਿਸ਼ਾਤ ਅਖਤਰ ਵੱਲੋਂ ਸਥਾਨਕ ਮਾਲੇਰਕੋਟਲਾ ਹਾਊਸ ਵਿੱਚ ਕਾਂਗਰਸੀਆਂ ਦੀ ਭਰਵੀਂ ਮੀਟਿੰਗ ਕੀਤੀ ਗਈ। ਬੀਬਾ ਨਿਸ਼ਾਤ ਅਖਤਰ ਨੇ ਦੱਸਿਆ ਕਿ ਵਿਸ਼ਵ ਭਰ ਅੰਦਰ ਹਰ ਬਿਪਤਾ ਦੀ ਘੜੀ ਲੰਗਰਾਂ ਅਤੇ ਨਿਰਸਵਾਰਥ ਸੇਵਾ ਲਈ ਜਾਣੇ ਜਾਂਦੇ ਪੰਜਾਬੀਆਂ ਉਪਰ ਆਈ ਇਸ ਅਣਕਿਆਸੀ ਕਰੋਪੀ ਮੌਕੇ ਸਮੁੱਚਾ ਮੁਲਕ ਪੰਜਾਬ ਨਾਲ ਡਟ ਕੇ ਆ ਖੜ੍ਹਿਆ ਹੈ। ਯੂਪੀ, ਹਰਿਆਣਾ, ਝਾਰਖੰਡ ਅਤੇ ਰਾਜਸਥਾਨ ਸਮੇਤ ਪੂਰੇ ਮੁਲਕ ਵਿਚੋਂ ਮੁਸਲਿਮ ਭਾਈਚਾਰੇ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਵੱਡੇ ਪੱਧਰ ’ਤੇ ਰਾਹਤ ਸਮੱਗਰੀ ਭੇਜੇ ਜਾਣ ਦੀ ਭਰਵੀਂ ਸ਼ਲਾਘਾ ਕਰਦਿਆਂ ਬੀਬਾ ਨਿਸ਼ਾਤ ਨੇ ਕਿਹਾ ਕਿ ਪੂਰੇ ਮੁਲਕ ਦਾ ਢਿੱਡ ਭਰਨ ਲਈ ਅੰਨ ਮੁਹੱਈਆ ਕਰਵਾ ਰਹੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਉਪਰ ਆਏ ਇਸ ਸੰਕਟ ਮੌਕੇ ਦੇਸ਼ ਦੇ ਮੁਸਲਮਾਨ ਭਾਈਚਾਰੇ ਵੱਲੋਂ ਬੁਲੰਦ ਕੀਤਾ ਜਾ ਰਿਹਾ ਹਾਅ ਦਾ ਨਾਅਰਾ ਮੁਲਕ ਅੰਦਰ ਭਾਈਚਾਰਕ ਏਕੇ ਦੀ ਸ਼ਾਨਾਮੱਤੀ ਉਦਾਹਰਨ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਯੁਪੀ , ਹਰਿਆਣਾ ਤੇ ਦਿੱਲੀ ਸਮੇਤ ਵੱਖ ਵੱਖ ਥਾਈਂ ਵਸਦੇ ਰਿਸ਼ਤੇਦਾਰ ਜਿੱਥੇ ਹੜ੍ਹ ਪੀੜਤ ਪੰਜਾਬੀਆਂ ਲਈ ਲਗਾਤਾਰ ਮਦਦ ਕਰ ਰਹੇ ਹਨ ਉਥੇ ਹਲਕਾ ਮਾਲੇਰਕੋਟਲਾ ਦੇ ਕਾਂਗਰਸੀ ਆਗੂ ਤੇ ਵਰਕਰ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵੱਲ ਰਵਾਨਾ ਹੋ ਰਹੇ ਹਨ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਮਹੰਤ ਜਸਪਾਲ ਦਾਸ, ਬਲਾਕ ਪ੍ਰਧਾਨ ਅਕਰਮ ਲਿਬੜਾ, ਮਹਿਮੂਦ ਰਾਣਾ, ਨਿਰਮਲ ਸਿੰਘ ਧਲੇਰ, ਬਾਬੂ ਸੁਭਾਸ਼ ਸਿੰਗਲਾ, ਸਾਬਕਾ ਸਰਪੰਚ ਜਸਵਿੰਦਰ ਸਿੰਘ ਕੁਠਾਲਾ ਤੇ ਗੁਰਲਵਲੀਨ ਸਿੰਘ ਚਹਿਲ, ਮਨਿੰਦਰ ਸਿੰਘ ਚਹਿਲ, ਸਰਪੰਚ ਮੇਜਰ ਸਿੰਘ ਬੁਰਜ ਅਤੇ ਸੁੱਖਾ ਦਸੌਂਧਾ ਸਿੰਘ ਵਾਲਾ ਮੌਜੂਦ ਸਨ।