ਕਾਂਗਰਸੀ ਆਗੂਆਂ ਵੱਲੋਂ ਸਾਜ਼ਿਸ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ
ਕਾਂਗਰਸ ਦੀ ਮੀਡੀਆ ਟੀਮ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਦਾਅਵਾ ਕਰਦਿਆਂ ਕਿਹਾ ਕਿ ਹਲਕਾ ਮਾਲੇਰਕੋਟਲਾ ਅੰਦਰ ਕਿਸੇ ਵੀ ਵਿਅਕਤੀ ਨੂੰ ਪਾਰਟੀ ਅਨੁਸਾਸ਼ਨ ਭੰਗ ਕਰਨ ਅਤੇ ਪਾਰਟੀ ਉਮੀਦਵਾਰਾਂ ’ਚ ਭੰਬਲਭੂਸਾ ਪੈਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਦੇ ਮੀਡੀਆ ਇੰਚਾਰਜ ਮਹਿਮੂਦ ਰਾਣਾ, ਸੀਨੀਅਰ ਕਾਂਗਰਸੀ ਆਗੂ ਮੁਹੰਮਦ ਅਨਵਰ ਮਹਿਬੂਬ, ਰਜ਼ੀਆ ਸੁਲਤਾਨਾ ਦੇ ਪੀ ਏ ਦਰਬਾਰਾ ਸਿੰਘ ਅਤੇ ਬਲਾਕ ਕਾਂਗਰਸ ਪ੍ਰਧਾਨ ਅਕਰਮ ਲਿਬੜਾ ਨੇ ਦਾਅਵਾ ਕੀਤਾ ਕਿ ਕਾਂਗਰਸੀ ਵਰਕਰਾਂ ਵਿਚ ਭੰਬਲਭੂਸਾ ਪਾ ਕੇ ਕਥਿਤ ਕੋਝੀਆਂ ਸਾਜ਼ਿਸ਼ਾਂ ਰਚਨ ਵਾਲੇ ਵਿਅਕਤੀ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਕਿਸੇ ਵੀ ਕਾਂਗਰਸੀ ਉਮੀਦਵਾਰ ਨੂੰ ਜਾਣਦੇ ਤੱਕ ਨਹੀਂ ਹਨ ਅਤੇ ਕੋਈ ਵੀ ਕਾਂਗਰਸੀ ਉਮੀਦਵਾਰ ਇਨ੍ਹਾਂ ਅਖੌਤੀ ਕਾਂਗਰਸੀ ਆਗੂਆਂ ਨੂੰ ਵੀ ਨਹੀਂ ਜਾਣਦਾ।
ਉਨ੍ਹਾਂ ਹਲਕਾ ਮਾਲੇਰਕੋਟਲਾ ਅੰਦਰ ਸਮੁੱਚੀ ਕਾਂਗਰਸ ਪਾਰਟੀ ਰਜ਼ੀਆ ਸੁਲਤਾਨਾ ਅਤੇ ਬੀਬਾ ਨਿਸ਼ਾਤ ਅਖਤਰ ਦੀ ਅਗਵਾਈ ਹੇਠ ਪੂਰੀ ਤਰ੍ਹਾਂ ਇੱਕਜੁੱਟ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਹਲਕਾ ਮਾਲੇਰਕੋਟਲਾ ਅਧੀਨ ਆਉਂਦੇ ਪੰਚਾਇਤ ਸਮਿਤੀ ਮਾਲੇਰਕੋਟਲਾ ਦੇ 15 ਅਤੇ ਜ਼ਿਲ੍ਹਾ ਪਰਿਸ਼ਦ ਦੇ ਤਿੰਨ ਕਾਂਗਰਸੀ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਕਾਂਗਰਸੀ ਵਰਕਰਾਂ ਨੂੰ ਸਾਰੀਆਂ ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ ਕਰਨ ਲਈ ਦਿਨ ਰਾਤ ਇੱਕ ਕਰਨ ਦੀ ਅਪੀਲ ਕੀਤੀ।
